PUBG Mobile ਗੇਮ ਦੇ ਦੀਵਾਨਿਆਂ ਨੂੰ ਹਰ ਦਿਨ ਇੰਝ ਲੱਗਦਾ ਹੈ ਕਿ ਅੱਜ ਗੇਮ ਦੀ ਭਾਰਤ ਵਾਪਸੀ ਦੀ ਕੋਈ ਖ਼ਬਰ ਆਵੇਗੀ। ਕਿਉਂ? ਇਸ ਗੇਮ ਦਾ ਲੋਕਾਂ ਉੱਤੇ ਨਸ਼ਾ ਹੀ ਇੰਨਾ ਜ਼ਿਆਦਾ ਜ਼ਬਰਦਸਤ ਹੈ ਕਿ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਉੱਧਰ ਇੱਕ ਵਾਰ ਫਿਰ ਪਬਜੀ ਗੇਮ ਦੇ ਪ੍ਰਸ਼ੰਸਕਾਂ ਲਈ ਇੱਕ ਖ਼ੁਸ਼ਖ਼ਬਰੀ ਹੈ ਕਿ ਕੰਪਨੀ ਨੇ ਆਪਣੇ ਅਧਿਕਾਰਤ ਯੂ–ਟਿਊਬ ਚੈਨਲ ਉੱਤੇ ਇੱਕ ਟੀਜ਼ ਵਿਡੀਓ ਰਿਲੀਜ਼ ਕੀਤਾ। ਭਾਵੇਂ ਇਸ ਨੂੰ ਤੁਰੰਤ ਹਟਾ ਵੀ ਲਿਆ ਗਿਆ। ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਨਵੰਬਰ ’ਚ ਵੀ ਕੰਪਨੀ ਨੇ ਗੇਮ ਦਾ ਟੀਜ਼ ਜਾਰੀ ਕੀਤਾ ਸੀ।
ਟੀਜ਼ਰ ’ਚ ਕਿਹਾ ‘ਛੇਤੀ ਹੀ ਆ ਰਹੀ ਹੈ’
ਯੂਟਿਊਬ ਉੱਤੇ ਜਾਰੀ ਕੀਤੇ ਗਏ ਟੀਜ਼ਰ ’ਚ PUBG ਮੋਬਾਇਲ ਇੰਡੀਆ ਦੀ ਲਾਂਚ ਹੋਣ ਦੀ ਤਰੀਕ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਕੰਪਨੀ ਨੇ ਇਸ ਵਿੱਚ ਇੱਕ ਵਾਰ ਫਿਰ ਤੋਂ ਸਪੱਸ਼ਟ ਕੀਤਾ ਹੈ ਕਿ ‘ਛੇਤੀ ਆ ਰਹੀ ਹੈ।’ ਇਸ ਟੀਜ਼ਰ ਵਿਡੀਓ ਤੋਂ ਬਾਅਦ ਪਬਜੀ ਦੇ ਸ਼ੌਕੀਨ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੇਗੀ। ਨਾਲ ਹੀ ਇਸ ਨਾਲ ਉਨ੍ਹਾਂ ਨੂੰ ਪਬਜੀ ਦੀ ਭਾਰਤ ਵਿੱਚ ਵਾਪਸੀ ਦੀ ਆਸ ਵੀ ਜਾਗ ਪਈ ਹੈ।
ਕੰਪਨੀ ਨੇ ਬੰਦ ਨਹੀਂ ਕੀਤਾ ਆਪਰੇਸ਼ਨ
ਇਸ ਤੋਂ ਪਹਿਲਾਂ PUBG Corporation ਨੇ ਆਪਣੇ ਬੈਂਗਲੁਰੂ (ਕਰਨਾਟਕ) ਸਥਿਤ ਦਫ਼ਤਰ ਲਈ ਇੱਕ ਇਨਵੈਸਟਮੈਂਟ ਤੇ ਸਟ੍ਰੈਟਿਜੀ ਐਨਾਲਿਸਟ ਲਈ LinkedIn ਉੱਤੇ ਨੌਕਰੀ ਲਈ ਅਰਜ਼ੀਆਂ ਮੰਗੀਆਂ ਸਨ। ਕੰਪਨੀ ਇੱਕ ਅਜਿਹਾ ਮੁਲਾਜ਼ਮ ਚਾਹ ਰਹੀ ਸੀ, ਜੋ ਮਰਜਰ ਐਂਡ ਐਕੁਈਜ਼ੀਸ਼ਨ, ਇਨਵੈਸਟਮੈਂਟ ਨਾਲ ਸਬੰਧਤ ਟੀਮਾਂ ਦੇ ਕੰਮ ਆਵੇ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਕੰਪਨੀ ਨੇ ਭਾਰਤ ’ਚ ਆਪਣਾ ਆਪਰੇਸ਼ਨ ਬੰਦ ਨਹੀਂ ਕੀਤਾ ਹੈ ਤੇ ਹਾਲੇ ਵੀ ਉਸ ਨੂੰ ਪਬਜੀ ਦੇ ਭਾਰਤ ਵਿੱਚ ਵਾਪਸੀ ਦੀ ਆਸ ਹੈ।
ਪਹਿਲਾਂ ਵੀ ਆ ਚੁੱਕੀਆਂ ਹਨ ਰੀ-ਲਾਂਚਿੰਗ ਦੀਆਂ ਖ਼ਬਰਾਂ
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਗੇਮ ਦੀ ਰੀ-ਲਾਂਚਿੰਗ ਨੂੰ ਲੈ ਕੇ ਚਰਚਾ ਤੇਜ਼ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ‘ਹਰਮਨਪਿਆਰੀ’ ਗੇਮ ਦੇ ਰੀ-ਲਾਂਚ ਦੀਆਂ ਖ਼ਬਰਾਂ ਆਈਆਂ ਹਨ। ਇਸ ਵਾਰ ਦੇ ਟੀਜ਼ਰ ਲਾਂਲ ਗੇਮ ਦੀ ਵਾਪਸੀ ਦੀ ਆਸ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਪਿੱਛੇ ਜਿਹੇ ਗੇਮ ਨੂੰ ਸਰਕਾਰ ਤੋਂ ਪ੍ਰਵਾਨਗੀ ਮਿਲਣ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਇਸ ਦੀ ਰੀ-ਲਾਂਚਿੰਗ ਦੀ ਆਸ ਨੂੰ ਬਲ ਮਿਲਿਆ ਸੀ।