ਜਲੰਧਰ : 26 ਸਤੰਬਰ ਨੂੰ ਸ਼ੁਰੂ ਹੋਈ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੌ ਫੀਸਦੀ ਲਾਭਪਾਤਰੀਆਂ ਨੂੰ ਕਵਰ ਕਰਦਿਆਂ 0 ਤੋਂ 5 ਸਾਲ ਦੀ ਉਮਰ ਦੇ ਕੁੱਲ 131846 ਬੱਚਿਆਂ ਨੂੰ ਪੋਲੀਓ ਰੋਧਕ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ।
ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪਹਿਲੇ ਦਿਨ 50536 ਬੱਚਿਆਂ ਨੂੰ ਕਵਰ ਕੀਤਾ ਗਿਆ ਜਦਕਿ ਦੂਜੇ ਦਿਨ 43947 ਅਤੇ ਤੀਜੇ ਦਿਨ 37363 ਬੱਚਿਆਂ ਨੂੰ ਪੋਲੀਓ ਰੋਧਕ ਦਵਾਈ ਪਿਲਾਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਇੱਕ ਹਜ਼ਾਰ ਤੋਂ ਵੱਧ ਸਿਹਤ ਟੀਮਾਂ ਵੱਲੋਂ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੇ ਕੁੱਲ 296028 ਘਰਾਂ ਵਿੱਚ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।
ਉਨ੍ਹਾਂ ਇਸ ਮੁਹਿੰਮ ਤਹਿਤ ਸੌ ਫੀਸਦੀ ਟੀਚਾ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਦੇ ਵਰਕਰਾਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਆਸ਼ਾ, ਮਲਟੀਪਲ ਹੈਲਥ ਵਰਕਰਾਂ, ਕਾਲਜ ਦੇ ਵਿਦਿਆਰਥੀਆਂ ਅਤੇ ਹੋਰਨਾਂ ਸਮੇਤ ਫਰੰਟ ਲਾਈਨ ਹੈਲਥ ਵਰਕਰਾਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ 58324 ਪੇਂਡੂ ਅਤੇ 237704 ਸ਼ਹਿਰੀ ਘਰਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਹੋਰ ਅੰਦਰੂਨੀ ਖੇਤਰਾਂ ਸਮੇਤ ਹੋਰ ਸਮੁੱਚੇ ਜਨਤਕ ਸਥਾਨਾਂ ‘ਤੇ ਚਲਾਈ ਗਈ।
ਟੀਵੀ ਪੰਜਾਬ ਬਿਊਰੋ