ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਚੋਣਾਂ ਦੌਰਾਨ ਜਨਤਾ ਨੂੰ ਕਈ ਗਰੰਟੀਆਂ ਦਿੱਤੀਆਂ ਸਨ। ਇਨ੍ਹਾਂ ਗਰੰਟੀਆਂ ਵਿਚੋਂ ਇਕ ਹੋਰ ਗਰੰਟੀ ਪੂਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਪਹਿਰ 2 ਵਜੇ ਲਾਈਵ ਹੋ ਕੇ ਐਲਾਨ ਕੀਤਾ ਕਿ 15 ਜੂਨ ਤੋਂ ਦਿੱਲੀ ਏਅਰਪੋਰਟ ਲਈ 19 ਵੋਲਵੋ ਬੱਸਾਂ ਚਲਾਈਆਂ ਜਾਣਗੀਆਂ ।
15 ਜੂਨ ਤੋਂ, ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਰੋਜ਼ਾਨਾ 19 ਵੋਲਵੋ ਬੱਸਾਂ ਹਵਾਈ ਅੱਡੇ ਲਈ ਚਲਾਉਣਗੀਆਂ। ਇਸ ਤਹਿਤ ਜਲੰਧਰ ਤੋਂ ਰੋਜ਼ਾਨਾ ਛੇ ਬੱਸਾਂ, ਚੰਡੀਗੜ੍ਹ ਤੋਂ ਚਾਰ, ਅੰਮ੍ਰਿਤਸਰ ਤੋਂ ਤਿੰਨ, ਪਟਿਆਲਾ ਤੋਂ ਦੋ ਅਤੇ ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ ਤੇ ਕਪੂਰਥਲਾ ਤੋਂ ਇਕ-ਇਕ ਬੱਸ ਹਵਾਈ ਅੱਡੇ ਲਈ ਜਾਵੇਗੀ।
ਜਲੰਧਰ ਤੋਂ ਹਵਾਈ ਅੱਡੇ ਤੱਕ ਪ੍ਰਤੀ ਯਾਤਰੀ 1170 ਰੁਪਏ ਲਏ ਜਾਣਗੇ ਅਤੇ ਇਹ ਬੱਸਾਂ ਅੱਠ ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਜਾਣਗੀਆਂ। ਇਸ ਦੇ ਨਾਲ ਹੀ ਨਿੱਜੀ ਆਪਰੇਟਰਾਂ ਵੱਲੋਂ ਹਵਾਈ ਅੱਡੇ ਤੱਕ 2500 ਰੁਪਏ ਪ੍ਰਤੀ ਯਾਤਰੀ ਵਸੂਲੇ ਜਾਂਦੇ ਹਨ ਅਤੇ ਬੱਸਾਂ 10 ਤੋਂ 12 ਘੰਟਿਆਂ ਵਿੱਚ ਹਵਾਈ ਅੱਡੇ ’ਤੇ ਪਹੁੰਚ ਜਾਂਦੀਆਂ ਹਨ।