ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਤੋਂ ਸਿੱਧੂ ਗਾਇਬ, ਸਮਰਥਕ ਨਿਰਾਸ਼

ਡੈਸਕ- ਲੋਕ ਸਭਾ ਚੋਣਾਂ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਲਈ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਲਿਸਟ ਵਿੱਚ ਕੁੱਲ 35 ਆਗੂਆਂ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪਰ ਇਸ ਲਿਸਟ ਵਿੱਚ ਫਾਇਰ ਬ੍ਰਾਂਡ ਆਗੂ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਲ ਨਹੀਂ ਹੈ।

ਨਵਜੋਤ ਸਿੰਘ ਸਿੱਧੂ ਦਾ ਨਾਂ ਕਮੇਟੀ ਵਿੱਚ ਸ਼ਾਮਲ ਨਹੀਂ ਕਰਨ ਨੂੰ ਲੈ ਕੇ ਪਾਰਟੀ ਨੇ ਪੰਜਾਬ ਕਾਂਗਰਸ ਦੇ ਸਾਰੇ ਸਾਬਕਾ ਪ੍ਰਧਾਨਾਂ, ਸੀਡਬਲਯੂਸੀ ਦੇ ਸਾਰੇ ਸਾਬਕਾ ਮੈਂਬਰਾਂ, ਸਥਾਈ ਅਤੇ ਵਿਸ਼ੇਸ਼ ਮੈਂਬਰਾਂ ਨੂੰ ਲਿਖ ਕੇ ਆਪਣਾ ਪੱਲਾ ਝਾੜਣ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਉੱਧਰ, ਕਮੇਟੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ, ਸੀਐਲਪੀ ਆਗੂ, ਕਾਰਜਕਾਰੀ ਪ੍ਰਦੇਸ਼ ਕਾਂਗਰਸ ਪ੍ਰਧਾਨ, ਪ੍ਰਦੇਸ਼ ਕਾਂਗਰਸ ਫਰੰਟਲ ਸੰਗਠਨਾਂ ਦੇ ਚੀਫ, ਪੀਸੀਸੀਸੀ ਓਬੀਸੀ ਵਿੰਗ ਦੇ ਚੇਅਰਮੈਨਾਂ ਨੂੰ ਵੀ ਕਮੇਟੀ ਵਿੱਚ ਥਾਂ ਦਿੱਤੀ ਗਈ ਹੈ।

ਨਵਜੋਤ ਸਿੰਘ ਸਿੱਧੂ ਬੀਤੇ ਲੰਬੇ ਵੇਲ੍ਹੇ ਤੋਂ ਆਪਣੀ ਪਾਰਟੀ ਤੋਂ ਨਰਾਜ਼ ਚੱਲ ਰਹੇ ਹਨ। ਉਨ੍ਹਾਂ ਨੇ ਆਪਣੀ ਨਰਾਜ਼ਗੀ ਦਾ ਖੁੱਲ੍ਹ ਕੇ ਸੋਸ਼ਲ ਮੀਡੀਆ ਤੇ ਇਜ਼ਹਾਰ ਵੀ ਕੀਤਾ ਸੀ। ਨਾਲ ਹੀ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਵੱਖਰੀਆਂ ਰੈਲੀਆਂ ਵੀ ਕੀਤੀਆਂ ਸਨ। ਇਨ੍ਹਾਂ ਰੈਲੀਆਂ ਵਿੱਚ ਪੰਜਾਬ ਕਾਂਗਰਸ ਦਾ ਪਹਿਲੀ ਲਾਈਨ ਦਾ ਕੋਈ ਵੀ ਆਗੂ ਸ਼ਾਮਲ ਨਹੀਂ ਸੀ। ਉਨ੍ਹਾਂ ਦੀਆਂ ਵੱਖਰੀਆਂ ਰੈਲੀਆਂ ਤੋਂ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵਰਗ੍ਹੇ ਸੀਨੀਅਰ ਆਗੂਆਂ ਨੇ ਨਾ ਸਿਰਫ ਖੁੱਲ੍ਹ ਕੇ ਉਨ੍ਹਾਂ ਖਿਲਾਫ਼ ਗੁੱਸਾ ਜਾਹਿਰ ਕੀਤਾ, ਸਗੋਂ ਉਨ੍ਹਾਂ ਨੂੰ ਪਾਰਟੀ ਚੋਂ ਕੱਢਣ ਦੀ ਵੀ ਹਾਈ ਕਮਾਂਡ ਅੱਗੇ ਮੰਗ ਰੱਖੀ ਸੀ।

ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਸਿਆਸੀ ਸਰਗਰਮੀ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਦੂਰੀ ਬਣਾ ਲਈ ਅਤੇ ਆਈਪੀਐਲ ਵਿੱਚ ਹਿੱਸਾ ਲੈਣ ਲਈ ਮੁੰਬਈ ਚਲੇ ਗਏ।