ਕੌਣ ਹੋਵੇਗਾ ਪੰਜਾਬ ਦਾ ਅਗਲਾ ਕੈਪਟਨ ਇਸ ਖਿੱਚੋਤਾਣ ਨੂੰ ਲੱਗੀਆਂ ‘ਕੱਸਵੀਆਂ ਬਰੇਕਾਂ’ ਹੁਣ ਦਿੱਲੀ ਦਰਬਾਰ ‘ਚ ਹੋਵੇਗੀ ਕੀਹਦੀ ਸੁਣਵਾਈ ?

ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀ

ਕੌਣ ਹੋਵੇਗਾ ਪੰਜਾਬ ਦਾ ਅਗਲਾ ਕੈਪਟਨ ਮਾਮਲੇ ਤੇ ਉੱਠੇ ਵਿਵਾਦ ਨੂੰ ਕਾਂਗਰਸ ਹਾਈ ਕਮਾਂਡ ਨੇ ਕਸਵੀਆਂ ਬਰੇਕਾਂ ਲਾ ਦਿੱਤੀਆਂ ਹਨ ਅਤੇ ਦੋ ਟੁੱਕ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਕੈਪਟਨ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਨੀਵਾਰ ਨੂੰ ਦਿੱਲੀ ਵਿਚ ਤਿੰਨ ਮੈਂਬਰੀ ਕਮੇਟੀ ਦੀ ਪਹਿਲੀ ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕੀਤਾ। ਰਾਵਤ ਨੇ ਕਿਹਾ ਕਿ ਕਾਂਗਰਸ ਵਿਚ ਮੁੱਖ ਮੰਤਰੀ ਨੂੰ ਚਿਹਰੇ ਨੂੰ ਲੈ ਕੇ ਪ੍ਰੰਪਰਾ ਰਹੀ ਹੈ ਅਤੇ ਉਸੇ ਪ੍ਰੰਪਰਾ ਦੀ ਪਾਲਣਾ ਕੀਤੀ ਜਾਵੇਗੀ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਸੁਣਾਏ ਗਏ ਇਸ ਫ਼ੈਸਲੇ ਤੋਂ ਬਾਅਦ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕਈ ਹੋਰ ਨੇਤਾਵਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਇਸ ਦੇ ਨਾਲ-ਨਾਲ ਇਸ ਗੱਲ ਦੇ ਵੀ ਸੰਕੇਤ ਮਿਲ ਰਹੇ ਹਨ ਕਿ ਹੁਣ ਬਾਗ਼ੀ ਵਿਧਾਇੳ ਦੀ ਦਿੱਲੀ ਦੇ ਵਿਚ ਸੁਣਵਾਈ ਦੇ ਆਸਾਰ ਵੀ ਕਾਫੀ ਮੱਧਮ ਹਨ ਕਿਉਂਕਿ ਜੇਕਰ ਆਉਣ ਵਾਲੀਆਂ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ‘ਤੇ ਲੜੀਆਂ ਜਾਣੀਆਂ ਹਨ ਤਾਂ ਬਾਗ਼ੀ ਧਿਰਾਂ ਨੂੰ ਉਨ੍ਹਾਂ ਦੇ ਅਧੀਨ ਹੀ ਕੰਮ ਕਰਨਾ ਪਵੇਗਾ। ਇਸ ਸਭ ਦੇ ਨਤੀਜੇ ਵਜੋਂ ਕਾਂਗਰਸ ਹਾਈ ਕਮਾਂਡ ਨੂੰ ਵੀ ਝੁਕਾਅ ਕੈਪਟਨ ਅਮਰਿੰਦਰ ਸਿੰਘ ਵੱਲ ਹੀ ਰੱਖਣਾ ਪਵੇਗਾ।
ਕਾਂਗਰਸ ਹਾਈ ਕਮਾਂਡ ਨੇ ਭਾਵੇਂ ਕਿ ਇਹ ਵੀ ਸਪਸ਼ਟ ਕੀਤਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਅਹਿਮ ਰਹੇਗੀ। ਕਾਂਗਰਸ ਹਾਈ ਕਮਾਂਡ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਥੰਮ੍ਹ ਹਨ। ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਹਾਈ ਕਮਾਂਡ ਵੱਲੋਂ ਵਰਤੇ ਗਏ ਇਨ੍ਹਾਂ ਸ਼ਬਦਾਂ ਤੋਂ ਸੰਤੁਸ਼ਟ ਹੁੰਦੇ ਹਨ ਜਾਂ ਨਹੀਂ ।

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਪੰਜਾਬ ਦੇ ਕੁਝ ਵਿਧਾਇਕਾਂ ਵੱਲੋਂ ਵੀ ਇਸ ਮਾਮਲੇ ‘ਤੇ ਬੈਠਕ ਕੀਤੇ ਜਾਣ ਦੀ ਖਬਰ ਹੈ। ਇਸ ਬੈਠਕ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਕੁਝ ਵਿਧਾਇਕ ਸ਼ਾਮਲ ਹੋਏ। ਕਿਹਾ ਜਾ ਰਿਹਾ ਹੈ ਕਿ ਬੈਠਕ ਵਿਚ ਇਹ ਚਰਚਾ ਕੀਤੀ ਗਈ ਕਿ ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਕਿਹੜੀ ਰਣਨੀਤੀ ਦੇ ਤਹਿਤ ਉਤਰਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਡਿੱਗੀ ਹੋਈ ਸ਼ਾਖ਼ ਨੂੰ ਪਾਰਟੀ ਹਾਈਕਮਾਂਡ ਸਾਹਮਣੇ ਠੀਕ ਢੰਗ ਨਾਲ਼ ਰੱਖਿਆ ਜਾ ਸਕੇ। ਬੈਠਕ ਵਿਚ ਸ਼ਾਮਲ ਵਿਧਾਇਕ ਪਰਗਟ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਗੱਲ ਤਾਂ ਮੁੱਦੇ ਦੀ ਹੈ ਅਤੇ ਇਹ ਵੇਖਣਾ ਹੋਵੇਗਾ ਕਿ ਕਮੇਟੀ ਹੁਣ ਇਨ੍ਹਾਂ ਮੁੱਦਿਆਂ ਨੂੰ ਕਿਵੇਂ ਸੁਲਝਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਕਮੇਟੀ ਵਲੋਂ ਬੁਲਾਇਆ ਜਾਵੇਗਾ ਤਾਂ ਉਹ ਉਨ੍ਹਾਂ ਸਾਰੇ ਮੁੱਦਿਆਂ ਨੂੰ ਕਮੇਟੀ ਰੱਖਣਗੇ, ਜੋ ਉਹ ਲਗਾਤਾਰ ਚੁੱਕਦੇ ਰਹੇ ਹਨ।
ਇਸ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਬੇਬਾਕ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਲੇਰ ਬਣੋ ਅਤੇ ਆਪਣੇ ਜਜ਼ਬਾਤਾਂ ਦੀ ਆਵਾਜ਼ ਸੁਣੋ। ਬਾਜਵਾ ਨੇ ਕਿਹਾ ਹੈ ਕਿ ਸਰਵ ਸ਼ਕਤੀਮਾਨ ਅਤੇ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਤੁਹਾਡੇ ’ਤੇ ਟਿਕੀਆਂ ਹੋਈਆਂ ਹਨ।

ਕੀ ਹੁਣ ਦਿੱਲੀ ਦਰਬਾਰ ਵਿਚ ਸੁਣੀ ਜਾਵੇਗੀ ਨਾਰਾਜ਼ ਵਿਧਾਇਕਾਂ ਦੀ ਗੱਲ ?

ਬੈਠਕ ਤੋਂ ਬਾਅਦ ਹਰੀਸ਼ ਰਾਵਤ ਵੱਲੋਂ ਦਿੱਤੇ ਗਏ ਦਿੱਤੀਆਂ ਗਈਆਂ ਕਰੜੀਆਂ ਦਲੀਲਾਂ ਤੋਂ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਪਾਰਟੀ ਹਾਈ ਕਮਾਂਡ ਇਸ ਵੇਲੇ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਹੀ ਫੇਵਰ ਵਿਚ ਹੈ। ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਵਿਚ ਉੱੱਠੀਆਂ ਵਿਰੋਧੀ ਸੁਰਾਂ ਨੂੰ ਦਬਾਉਣ ਦੇ ਲਹਿਜੇ ਨਾਲ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਨੇਤਾ ਆਪਣੀ ਲਕਸ਼ਮਣ ਰੇਖਾ ਪਾਰ ਨਾ ਕਰੇ। ਇਸ ਦਰਮਿਆਨ ਹਰੀਸ਼ ਰਾਵਤ ਨੇ ਇਹ ਤੱਕ ਵੀ ਕਹਿ ਦਿੱਤਾ ਕਿ ਜੇਕਰ ਕੋਈ ਨੇਤਾ ਲਕਸ਼ਮਣ ਰੇਖਾ ਪਾਰ ਕਰੇਗਾ ਤਾਂ ਉਸ ਨੂੰ ਵੇਖਿਆ ਜਾਵੇਗਾ।
ਹਰੀਸ਼ ਰਾਵਤ ਦੇ ਇਸ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਵਿਚ ਉਠੀਆਂ ਵਿਰੋਧੀ ਸੁਰਾਂ ਨੂੰ ਸੁਣਨ ਦੀ ਬਜਾਏ ਪਾਰਟੀ ਹਾਈ ਕਮਾਂਡ ਉਨ੍ਹਾਂ ਨੂੰ ਦਬਾਉਣ ਦੇ ਮੂਡ ਵਿਚ ਹੈ। ਅਜਿਹੇ ਮੂਡ ਵਿੱਚ ਪਾਰਟੀ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਾਰਾਜ਼ ਵਿਧਾਇਕਾਂ ਦੀ ਗੱਲ ਕਿਵੇਂ ਸੁਣ ਸਕਦੀ ਹੈ।

ਟੀਵੀ ਪੰਜਾਬ ਬਿਊਰੋ