Site icon TV Punjab | Punjabi News Channel

ਪੰਜਾਬ ਸਰਕਾਰ ਨੇ ਉਦਯੋਗਾਂ ਨੂੰ ਰਿਆਇਤ ਵਸੂਲਣ ਲਈ ਬੁਆਏਲਰ ਵਿਚ ਝੋਨੇ ਦੀ ਪਰਾਲੀ ਨੂੰ ਬਾਲਣ ਵਜੋਂ ਵਰਤਣ ਦੀ ਆਗਿਆ ਦਿੱਤੀ

ਚੰਡੀਗੜ੍ਹ : ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਨੂੰ ਰੋਕਣ ਲਈ ਇਕ ਵੱਡੇ ਕਦਮ ਤਹਿਤ ਪੰਜਾਬ ਨੇ ਵਿੱਤੀ ਰਿਆਇਤਾਂ ਵਸੂਲਣ ਵਾਸਤੇ ਉਦਯੋਗਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਪਰਾਲੀ ਦਾ ਨਿਪਟਾਰਾ ਕਰਨ ਲਈ ਬੁਆਏਲਰ ਲਗਾਉਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਜਿਨ੍ਹਾਂ ਉਦਯੋਗਾਂ ਨੂੰ ਇਹ ਲਾਭ ਮਿਲ ਸਕਦਾ ਹੈ, ਉਨ੍ਹਾਂ ਵਿੱਚ ਖੰਡ ਮਿੱਲਾਂ, ਪਲਪ ਅਤੇ ਪੇਪਰ ਮਿੱਲਾਂ ਅਤੇ 25 ਟੀ.ਪੀ.ਐਚ. ਤੋਂ ਵੱਧ ਭਾਫ ਪੈਦਾ ਕਰਨ ਦੀ ਸਮਰੱਥਾ ਵਾਲੇ ਬੁਆਏਲਰ ਵਾਲੇ ਉਦਯੋਗ ਸ਼ਾਮਲ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਇਹ ਫੈਸਲਾ ਲਿਆ ਗਿਆ ਕਿ ਪੁਰਾਣੇ ਬੁਆਏਲਰਾਂ ਨੂੰ ਬਦਲਣ ਜਾਂ ਨਵੇਂ ਬੁਆਏਲਰਾਂ ਦੀ ਸਥਾਪਨਾ ਨਾਲ ਇਸ ਦੇ ਵਿਸਥਾਰ ਦਾ ਪ੍ਰਸਤਾਵ ਰੱਖਣ ਵਾਲੀਆਂ ਡਿਸਟਿਲਰੀਆਂ/ਬਰੂਅਰੀਜ਼ ਦੀਆਂ ਨਵੀਆਂ ਅਤੇ ਮੌਜੂਦਾ ਇਕਾਈਆਂ ਨੂੰ ਝੋਨੇ ਦੀ ਪਰਾਲੀ ਨੂੰ ਬਾਲਣ ਵਜੋਂ ਲਾਜ਼ਮੀ ਤੌਰ ‘ਤੇ ਵਰਤਣਾ ਪਵੇਗਾ। ਮੰਤਰੀ ਮੰਡਲ ਨੇ ਬੁਆਏਲਰ ਵਿਚ ਝੋਨੇ ਦੀ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ‘ਤੇ ਪਹਿਲੇ 50 ਮੌਜੂਦਾ ਉਦਯੋਗਾਂ ਨੂੰ 25 ਕਰੋੜ ਰੁਪਏ ਦੀਆਂ ਵਿੱਤੀ ਰਿਆਇਤਾਂ ਦੇਣ ਦਾ ਵੀ ਫੈਸਲਾ ਕੀਤਾ ਹੈ।

ਮੰਤਰੀ ਮੰਡਲ ਨੇ ਝੋਨੇ ਦੀ ਪਰਾਲੀ ਦੇ ਭੰਡਾਰਨ ਲਈ ਪੰਚਾਇਤੀ ਜ਼ਮੀਨ ਦੀ ਉਪਲੱਬਧਤਾ ਦੇ ਲਿਹਾਜ਼ ਨਾਲ ਉਦਯੋਗਾਂ ਨੂੰ ਗੈਰ-ਵਿੱਤੀ ਰਿਆਇਤਾਂ ਲਈ 33 ਸਾਲ ਤੱਕ ਦੇ ਲੀਜ਼ ਸਮਝੌਤੇ ਨਾਲ ਲੀਜ਼ ਵਿੱਚ 6 ਫ਼ੀਸਦੀ ਪ੍ਰਤੀ ਸਾਲ ਵਾਧੇ ਦਰ ਦੀ ਪ੍ਰਵਾਨਗੀ ਵੀ ਦਿੱਤੀ ਹੈ। ਇਸ ਤੋਂ ਇਲਾਵਾ ਬੁਆਏਲਰ ਉਨ੍ਹਾਂ ਖੇਤਰਾਂ ਵਿੱਚ ਪਹਿਲ ਦੇ ਅਧਾਰ ‘ਤੇ ਉਪਲਬਧ ਕਰਵਾਏ ਜਾਣਗੇ ਜਿੱਥੇ ਝੋਨੇ ਦੀ ਪਰਾਲੀ ਨੂੰ ਬੁਆਏਲਰ ਵਿਚ ਬਾਲਣ ਵਜੋਂ ਵਰਤਿਆ ਜਾਂਦਾ ਹੈ। ਇਸ ਕਦਮ ਨਾਲ ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਦੌਰਾਨ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਵਿਚ ਮਦਦ ਮਿਲੇਗੀ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਮਿੱਤਰ ਕੀੜਿਆਂ ਨੂੰ ਬਚਾਉਣ ਲਈ ਵੀ ਲਾਭਕਾਰੀ ਹੋਵੇਗਾ।

ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਚੁਣੌਤੀ ਦੇ ਮੱਦੇਨਜ਼ਰ ਇਹ ਫੈਸਲਾ ਕਾਫ਼ੀ ਮਹੱਤਵਪੂਰਨ ਹੈ। ਹਾੜੀ ਸੀਜ਼ਨ ਦੌਰਾਨ ਕਣਕ ਦੀ ਵਾਢੀ ਤੋਂ ਬਾਅਦ ਜਿੱਥੇ ਤੂੜੀ ਨੂੰ ਪਸ਼ੂਆਂ ਲਈ ਚਾਰੇ ਵਜੋਂ ਵਰਤਿਆ ਜਾਂਦਾ ਹੈ, ਉੱਥੇ ਹੀ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਕਿਸਾਨ ਅਗਲੀ ਫਸਲ ਲਈ ਤੇਜ਼ੀ ਨਾਲ ਆਪਣੇ ਖੇਤ ਤਿਆਰ ਕਰ ਸਕਣ। ਅਕਤੂਬਰ-ਨਵੰਬਰ ਮਹੀਨੇ ਦੌਰਾਨ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਪੇਂਡੂ ਖੇਤਰ ਅਤੇ ਇਸ ਦੇ ਆਲੇ ਦੁਆਲੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਵਿਆਪਕ ਰੂਪ ਵਿੱਚ ਫੈਲੀ ਹੋਈ ਹੈ ਜਿਸ ਕਾਰਨ ਸਿਹਤ ਉੱਤੇ ਵੱਡੇ ਪ੍ਰਭਾਵ ਪੈ ਰਹੇ ਹਨ।

ਮੌਸਮੀ ਸਥਿਤੀਆਂ ਕਾਰਨ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਵੀ ਖਰਾਬ ਹੋ ਜਾਂਦੀ ਹੈ, ਜਿਸ ਵਿੱਚ ਘਰੇਲੂ, ਵਾਹਨ, ਉਦਯੋਗਿਕ ਅਤੇ ਮਿਊਂਸਪਲ ਠੋਸ ਰਹਿੰਦ-ਖੂੰਹਦ ਡੰਪ ਨੂੰ ਸਾੜਨ ਵਰਗੇ ਵੱਖ-ਵੱਖ ਸਥਾਨਕ ਸਰੋਤਾਂ ਦਾ ਪ੍ਰਦੂਸ਼ਣ ਵੀ ਸ਼ਾਮਲ ਹੈ। ਹਾਲਾਂਕਿ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਪ੍ਰਦੂਸ਼ਣ ਲਈ ਗੁਆਂਢੀ ਸੂਬਿਆਂ ਵਿਚ ਖੇਤਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵੀ ਜ਼ਿੰਮੇਵਾਰ ਹਨ। ਪੰਜਾਬ ਵਿਚ 31.49 ਲੱਖ ਹੈਕਟੇਅਰ ਖੇਤਰ (2020) ਵਿੱਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਲਗਭਗ 20 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ।

ਪਰਾਲੀ ਸਾੜਨ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਉਪਾਵਾਂ ਦੀ ਲੜੀ ਵਿੱਚ ਇਹ ਨਿਵੇਕਲਾ ਕਦਮ ਹੈ ਜਿਸ ਵਿਚ ਪਰਾਲੀ ਦੇ ਢੁੱਕਵੇਂ ਪ੍ਰਬੰਧਨ ਲਈ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਵਿਅਕਤੀਗਤ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਦੀ ਵਿਵਸਥਾ, ਪਰਾਲੀ ਨੂੰ ਬਾਇਓ-ਮਾਸ ਆਧਾਰਤ ਪਲਾਂਟਾਂ ਵਿੱਚ ਊਰਜਾ ਦੇ ਸਰੋਤ ਵਜੋਂ ਵਰਤਣ ਅਤੇ ਕਿਸਾਨ ਭਾਈਚਾਰੇ ਵਿਚ ਜਾਗਰੂਕਤਾ ਮੁਹਿੰਮ ਦੇ ਨਾਲ- ਨਾਲ ਪਰਾਲੀ ਸਾੜਨ ਦੀ ਨਿਗਰਾਨੀ ਕਰਨਾ ਸ਼ਾਮਲ ਹੈ। ਇਹ ਮਹਿਸੂਸ ਕੀਤਾ ਗਿਆ ਹੈ ਕਿ ਪਰਾਲੀ ਦੇ ਢੁੱਕਵੇਂ ਪ੍ਰਬੰਧਨ ਲਈ ਉਦਯੋਗਾਂ ਵਿਚ ਝੋਨੇ ਦੀ ਪਰਾਲੀ ਦੀ ਬਾਲਣ ਵਜੋਂ ਵਰਤੋਂ ਨੂੰ ਹੋਰ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ।

ਸੂਬੇ ਦੇ ਕੁੱਝ ਉਦਯੋਗ ਝੋਨੇ ਦੀ ਪਰਾਲੀ ਨੂੰ ਆਪਣੇ ਉਦਯੋਗਿਕ ਕੰਮਾਂ ਲਈ ਬੁਆਏਲਰ ਵਿਚ ਸਫਲਤਾਪੂਰਵਕ ਵਰਤਣ ਦੇ ਯੋਗ ਹੋਏ ਹਨ। ਉਨ੍ਹਾਂ ਨੇ ਜਾਂ ਤਾਂ ਭੱਠੀਆਂ ਵਿਚ ਮਹੱਤਵਪੂਰਣ ਬਦਲਾਅ ਕੀਤੇ ਹਨ ਜਾਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਨਵੇਂ ਬੁਆਏਲਰ ਸਥਾਪਤ ਕੀਤੇ ਹਨ। ਇਨ੍ਹਾਂ ਯੂਨਿਟਾਂ ਨੇ ਸਪਲਾਈ ਚੇਨ ਵਿਧੀ ਵਿਕਸਤ ਕਰਕੇ ਪਰਾਲੀ ਦੇ ਢੁੱਕਵੇਂ ਪ੍ਰਬੰਧਨ ਲਈ ਠੋਸ ਕਦਮ ਚੁੱਕੇ ਹਨ ਜਿਸ ਵਿਚ ਸਪਲਾਇਰਜ਼ ਨੂੰ ਸ਼ਾਮਲ ਕਰਦਿਆਂ ਸਿੱਧੇ ਕਿਸਾਨਾਂ ਤੋਂ ਝੋਨੇ ਦੀ ਪਰਾਲੀ ਇਕੱਠਾ ਕਰਨਾ ਅਤੇ ਸਾਲ ਭਰ ਇਸ ਦੀ ਵਰਤੋਂ ਲਈ ਪਰਾਲੀ ਦੀਆਂ ਗੱਠਾਂ ਵਾਸਤੇ ਭੰਡਾਰਨ ਦੀ ਥਾਂ ਮੁਹੱਈਆ ਕਰਵਾਉਣਾ ਹੈ।

ਟੀਵੀ ਪੰਜਾਬ ਬਿਊਰੋ

Exit mobile version