ਸਖ਼ਤ ਸੁਰੱਖਿਆ ਦੌਰਾਨ ਮੁਲਜ਼ਮ ਸੰਦੀਪ ਅਦਾਲਤ ‘ਚ ਪੇਸ਼, ਪੁਲਿਸ ਨੂੰ ਤਿੰਨ ਦਿਨ ਦਾ ਰਿਮਾਂਡ

ਅੰਮ੍ਰਿਤਸਰ : ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦੇ ਕਤਲ ਦੇ ਮੁਲਜ਼ਮ ਸੰਦੀਪ ਸਿੰਘ ਉਰਫ਼ ਸੰਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਸੁਧੀਰ ਸੂਰੀ ਦੀ 4 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਮੂਰਤੀਆਂ ਦੀ ਭੰਨਤੋੜ ਖਿਲਾਫ਼ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਇਲਜ਼ਾਮ ਹੈ ਕਿ ਸੰਦੀਪ ਉਸੇ ਸਮੇਂ ਇਕ ਕਾਰ ਵਿੱਚ ਉੱਥੇ ਪਹੁੰਚਿਆ ਤੇ ਆਪਣੇ ਪਿਸਤੌਲ ਨਾਲ ਸੂਰੀ ਉੱਤੇ ਪਿੱਛਿਓਂ ਕਈ ਗੋਲ਼ੀਆਂ ਚਲਾਈਆਂ। ਹਸਪਤਾਲ ਲਿਜਾਂਦੇ ਸਮੇਂ ਸੂਰੀ ਦੀ ਮੌਤ ਹੋ ਗਈ।

ਮੁਲਜ਼ਮ ਸੰਦੀਪ ਸਿੰਘ ਦੀ ਪੇਸ਼ੀ ਤੋਂ ਪਹਿਲਾਂ ਹੀ ਅੰਮ੍ਰਿਤਸਰ ਜ਼ਿਲ੍ਹਾ ਅਦਾਲਤੀ ਕੰਪਲੈਕਸ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ। ਸੰਦੀਪ ਨੂੰ ਭਾਰੀ ਪੁਲਿਸ ਸੁਰੱਖਿਆ ਦੇ ਵਿਚਕਾਰ ਪੁਲਿਸ ਵੈਨ ‘ਚ ਅਦਾਲਤ ਲਿਆਂਦਾ ਗਿਆ। ਸੰਦੀਪ ਦੀ ਪੇਸ਼ੀ ਦੌਰਾਨ ਕੁਝ ਜਥੇਬੰਦੀਆਂ ਅਦਾਲਤ ਦੇ ਬਾਹਰ ਵੀ ਪਹੁੰਚ ਗਈਆਂ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਕਾਬੂ ‘ਚ ਰੱਖਿਆ।