ਡੈਸਕ- ਪੰਜਾਬ ਪੁਲਿਸ ਚ ਹੈਡ ਕਾਂਸਟੇਬਲ ਦੀ ਨੌਕਰੀ ਕਰ ਰਹੀ ਸੁਖਪ੍ਰੀਤ ਕੌਰ ਨੇ ਆਪਣੀ ਨੌਕਰੀ ਦੇ ਨਾਲ ਨਾਲ ਮਾਡਲਿੰਗ ਮੁਕਾਬਲੇ ‘ਚ ਮਿਸਿਜ਼ ਪੰਜਾਬ ਦਾ ਖ਼ਿਤਾਬ ਜਿੱਤ ਕੇ ਅਪਣਾ ਬਚਪਨ ਦਾ ਸੁਪਨਾ ਪੂਰਾ ਕੀਤਾ ਹੈ। ਬਟਾਲਾ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਨੇ ਇਹ ਖ਼ਿਤਾਬ ਦੇਸ਼ ਭਰ ਦੇ ਹੋਏ ਫਾਰਐਵਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ ‘ਚ ਜਿੱਤਿਆ ਹੈ। ਇਸ ਦੇ ਨਾਲ ਸੁਖਪ੍ਰੀਤ ਕੌਰ ਨੇ ਜਿਥੇ ਆਪਣਾ ਸੁਪਨਾ ਪੂਰਾ ਕੀਤਾ ਉਥੇ ਹੀ ਵੱਖਰੀ ਮਿਸਾਲ ਵੀ ਪੇਸ਼ ਕੀਤੀ ਹੈ।
ਸੁਖਪ੍ਰੀਤ ਕੌਰ ਦਾ ਕਹਿਣਾ ਹੈ ਕਿ ਭਾਵੇਂ ਕਿ ਉਹ ਪੰਜਾਬ ਪੁਲਿਸ ‘ਚ ਤਾਇਨਾਤ ਹੈ ਪਰ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਮਾਡਲਿੰਗ ਕਰੇ। ਇਹ ਮੁਕਾਬਲਾ ਜੈਪੁਰ ਵਿਚ ਹੋਇਆ, ਇਸ ਵਿਚ ਪੰਜਾਬ ਤੋਂ ਹੋਰ ਉਮੀਦਵਾਰਾਂ ਨੇ ਵੀ ਹਿੱਸਾ ਲਿਆ। ਸੁਖਪ੍ਰੀਤ ਨੇ ਦਸਿਆ ਕਿ ਉਹ ਮਿਸਿਜ਼ ਪੰਜਾਬ ਦਾ ਖਿਤਾਬ ਜਿੱਤਣ ‘ਚ ਸਫ਼ਲ ਹੋਈ ਹੈ।
ਸੁਖਪ੍ਰੀਤ ਕੌਰ ਨੇ ਦਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਇਸ ਤੋਂ ਅੱਗੇ ਵਧੇ ਅਤੇ ਭਵਿੱਖ ਵਿਚ ਅਜਿਹੇ ਹੋਰ ਮੁਕਾਬਲਿਆਂ ‘ਚ ਹਿੱਸਾ ਲੈ ਕੇ ਰਾਸ਼ਟਰੀ ਪੱਧਰ ਦਾ ਖਿਤਾਬ ਜਿੱਤੇਗੀ। ਉਨ੍ਹਾਂ ਦਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਪ੍ਰਵਾਰ ਨੇ ਵੀ ਪੂਰਾ ਸਮਰਥਨ ਦਿਤਾ ਸੀ। ਉਨ੍ਹਾਂ ਹੋਰ ਮਾਪਿਆਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਹਰ ਪ੍ਰਵਾਰ ਨੂੰ ਚਾਹੀਦਾ ਹੈ ਕਿ ਉਹ ਅਪਣੀਆਂ ਧੀਆਂ ਦਾ ਸਾਥ ਦੇਣ ਤਾਂ ਜੋ ਉਹ ਅੱਗੇ ਵਧਣ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ।