ਚੰਡੀਗੜ੍ਹ- ਕੇਂਦਰ ਸਰਕਾਰ ਵਲੋਂ ਲਗਾਤਾਰ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਲੈ ਕੇ ਪੰਜਾਬ ਦੀ 16 ਦੀ ਵੀਂ ਵਿਧਾਨ ਸਭਾ ਵਲੋਂ ਇਕ ਪ੍ਰਸਤਾਵ ਪਾਸ ਕੀਤਾ ਗਿਆ ਹੈ ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੇਸ਼ ਕੀਤੇ ਗਏ ਪ੍ਰਸਤਾਵ ਚ ਚੰਡੀਗੜ੍ਹ ਅਤੇ ਬੀ.ਬੀ.ਐੱਮ.ਬੀ ਚ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਦਾ ਵਿਰੋਧ ਕਰ ਪੰਜਾਬ ਦੀਆਂ ਸ਼ਕਤੀਆਂ ਨੂੰ ਨਾ ਘਟਾਉਣ ਦੀ ਗੱਲ ਕੀਤੀ ਗਈ ਹੈ ।ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਤਮਾਮ ਸਿਆਸੀ ਜਮਾਤਾਂ ਨੇ ਸਰਕਾਰ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ।
ਸੀ.ਐੱਮ ਭਗਵੰਤ ਮਾਨ ਦੇ ਪ੍ਰਸਤਾਵ ਤੋਂ ਬਾਅਦ ਕਾਂਗਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਸਤਾਵ ਦਾ ਸਮਰਥਨ ਕੀਤਾ ।ਸਦਨ ਚ ਬੋਲੇ ਜ਼ਿਆਦਾਤਰ ਵਿਰੋਧੀ ਨੇਤਾਵਾਂ ਨੇ ਸਰਕਾਰ ਨੂੰ ਹਰ ਬਣਦੀ ਮਦਦ ਕਰਨ ਦਾ ਭਰੋਸਾ ਦਿੱਤਾ ।ਇਹ ਵੀ ਸਾਫ ਕੀਤਾ ਕਿ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਜੇ ਲੋੜ ਪਈ ਤਾਂ ਦਿੱਲੀ ਤੱਕ ਜਾ ਕੇ ਉਹ ਪ੍ਰਦਰਸ਼ਨ ਕਰਨ ਚ ਸੂਬਾ ਸਰਕਾਰ ਦਾ ਸਾਥ ਦੇਣਗੇ ।ਇਸ ਦੌਰਾਨ ਘੱਟ ਸਮਾਂ ਮਿਲਣ ਤੋਂ ਨਾਰਾਜ਼ ਭਾਜਪਾ ਦੇ ਵਿਧਾਇਕ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਰਾਜ਼ ਹੋ ਕੇ ਸਦਨ ਚੋਂ ਚਲੇ ਗਏ ।
ਚਾਹੇ ਕਾਂਗਰਸ ਪਾਰਟੀ ਵਲੋਂ ਸਰਕਾਰ ਦੇ ਇਸ ਪ੍ਰਸਤਾਵ ਦਾ ਸਮਰਥਨ ਕਰ ਪੰਜਾਬੀਆਂ ਦੀ ਇਕਜੁਟਤਾ ਦਾ ਸਬੂਤ ਦਿੱਤਾ ਗਿਆ । ਪਰ ਇਸਦੇ ਬਾਵਜੂਦ ਕਾਂਗਰਸ ਅਤੇ ਸੱਤਾਧਾਰੀ ‘ਆਪ’ ਦੇ ਨੇਤਾ ਇਕਦੂਜੇ ਨਾਲ ਭਿੜਦੇ ਹੋਏ ਵੀ ਨਜ਼ਰ ਆਏ ।ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਗਲਤ ਸ਼ਬਦਾਵਲੀ ਬੋਲਣ ਦੇ ਚਲਦਿਆਂ ਸਪੀਕਰ ਵਲੋਂ ਸਦਨ ਚੋਂ ਬਾਹਰ ਭੇਜ ਦਿੱਤਾ ਗਿਆ ।ਰਾਣਾ ਸੀ.ਐੱਮ ਭਗਵੰਤ ਮਾਨ ਦੀ ਸਪੀਚ ਵੇਲੇ ਲਗਾਤਾਰ ਬੋਲੀ ਜਾ ਰਹੇ ਸਨ ।
ਕਰੀਬ ਤਿੰਨ ਘੰਟੇ ਤੱਕ ਚੱਲੀ ਕਾਰਵਾਈ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾ ਵਲੋਂ ਇਸ ਪ੍ਰਸਤਾਵ ਦੇ ਪਾਸ ਹੋਣ ਦਾ ਐਲਾਨ ਕੀਤਾ ਗਿਆ ।ਸੀ.ਐੱਮ ਭਗਵੰਤ ਸਿੰਘ ਮਾਨ ਨੇ ਹਾਊਸ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਮੇਂ ਸਮੇਂ ‘ਤੇ ਇਜਲਾਸ ਕਰਵਾ ਲੋਕਾਂ ਦੇ ਮਸਲੇ ਹਲ ਕਰਣਗੇ ।