ਨਵਜੋਤ ਸਿੱਧੂ ਕਾਂਗਰਸ ਪਾਰਟੀ ਦੇ ਉਹ ਥੰਮ੍ਹ ਹਨ ਜਿਸ ਉੱਤੇ ਬੈਠ ਕੇ ਕਬੂਤਰ ਹੀ ਬੋਲਦੇ ਰਹੇ

ਵਿਸ਼ੇਸ਼ ਰਿਪੋਰਟ-ਜਸਬੀਰ ਵਾਟਾਂਵਾਲੀ

ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਠੱਲ੍ਹਣ ਲਈ ਦਿੱਲੀ ਹਾਈ ਕਮਾਂਡ ਵੱਲੋਂ ਪਿਛਲੇ ਦਿਨੀਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਨਾਲ ਪੰਜਾਬ ਤੋਂ ਗਏ ਵਿਧਾਇਕਾਂ ਦੀ ਮੀਟਿੰਗ ਦਾ ਸਿਲਸਿਲਾ ਵੀ ਜਾਰੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ 2022 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਮੁੱਖ ਮੰਤਰੀ ਵਜੋਂ ਹੀ ਰਹੇਗੀ । ਇਸੇ ਤਰ੍ਹਾਂ ਬਣਾਈ ਗਈ ਕਮੇਟੀ ਦੇ ਮੁੱਖੀ ਅਤੇ ਪੰਜਾਬ ਮਾਮਲਿਆਂ ਦੇ ਇਨਚਾਰਜ ਹਰੀਸ਼ ਰਾਵਤ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਅਹਿਮ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ

ਨਵਜੋਤ ਸਿੰਘ ਸਿੱਧੂ ਪਾਰਟੀ ਦੇ ਥੰਮ੍ਹ ਹਨ…

ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ, ਕੀ ਵਾਕਿਆ ਹੀ ਪਾਰਟੀ ਦੇ ਥੰਮ੍ਹ ਹਨ ? ਜੇਕਰ ਉਹ ਪਾਰਟੀ ਦੇ ਥੰਮ੍ਹ ਹਨ ਤਾਂ ਇਹ ਕਿਹੋ ਜਿਹੇ ਥੰਮ ਹਨ ਜੋ ਪੰਜ ਸਾਲ ਬਿਨਾਂ ਕਿਸੇ ਛੱਤ ਅਤੇ ਛੱਤਰੀ ਦੇ ਬਗੈਰ, ਇਕੱਲੇ ਹੀ ਧੁੱਪਾਂ ਲੂਆਂ ਅਤੇ ਬਰਫ਼ੀਲੀਆਂ ਹਵਾਵਾਂ ਵਿੱਚ ਖੜ੍ਹੇ ਰਹੇ। ਸਵਾਲ ਇਹ ਵੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਥੰਮ੍ਹ ਹਨ ਤਾਂ ਕੀ ਇਸ ਥੰਮ੍ਹ ਨੂੰ ਬਣਦਾ ਮਾਣ ਸਤਿਕਾਰ ਅਤੇ ਅਹੁਦਾ ਪਾਰਟੀ ਦੇ ਵਿੱਚ ਦਿੱਤਾ ਗਿਆ।

ਅਸੀਂ ਸਭ ਇਹ ਭਲੀ ਭਾਂਤ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਦੇ ਵਿਚ ਪਿਛਲੇ ਪੰਜ ਸਾਲਾਂ ਤੋਂ ਕੀ ਦੁਰਦਸ਼ਾ ਹੋ ਰਹੀ ਹੈ! ਇਸ ਥੰਮ੍ਹ ਨੂੰ ਪਿਛਲੇ ਪੰਜ ਸਾਲਾਂ ਤੋਂ ਛੱਤਰੀ ਜਾਂ ਛੱਤ ਤਾਂ ਨਹੀਂ ਨਸੀਬ ਹੋਈ ਪਰ ਇਕੱਲੇ ਖੜ੍ਹੇ ਇਸ ਥਾਂ ਉੱਤੇ ਕਬੂਤਰ ਜ਼ਰੂਰ ਬੋਲਦੇ ਰਹੇ ਹਨ। ਆਏ ਦਿਨ ਖਬਰਾਂ ਆਉਂਦੀਆਂ ਹਨ ਕਿ ਹੁਣ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਦੇ ਅਹੁਦੇ ਵਜੋਂ ਨਵਾਜੇ ਜਾਣਗੇ!…ਫਿਰ ਖਬਰਾਂ ਆਉਂਦੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਬਣ ਜਾਣਗੇ!… ਇਸੇ ਤਰ੍ਹਾਂ ਕਦੇ ਇਹ ਖ਼ਬਰਾਂ ਆਉਂਦੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਕੋਲੋਂ ਵੱਡਾ ਮੰਤਰਾਲਾ ਹੋਵੇਗਾ। ਸਿੱਧੂ ਨੂੰ ਲੈਕੇ ਇਸੇ ਤਰ੍ਹਾਂ ਦੀਆਂ ਖਬਰਾਂ ਦੇ ਦਰਮਿਆਨ ਸਾਲ 2017 ਤੋਂ ਲੈ ਕੇ ਸਾਲ 2021 ਤੱਕ ਕਰੀਬ ਪੰਜ ਸਾਲ ਲੰਘ ਜਾਂਦੇ ਹਨ। ਇਸ ਦਰਮਿਆਨ ਨਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਮੰਤਰਾਲਾ ਮਿਲਦਾ ਹੈ ਨਾ ਹੀ ਉਪ ਮੁੱਖ ਮੰਤਰੀ ਦਾ ਅਹੁਦਾ ਅਤੇ ਨਾ ਹੀ ਪਾਰਟੀ ਦੀ ਪ੍ਰਧਾਨਗੀ।

ਸਿੱਧੂ ਕਿਉਂ ਨਹੀਂ ਹਾਸਲ ਕਰ ਸਕੇ ਕਾਂਗਰਸ ਵਿੱਚ ਬਣਦਾ ਮਾਣ ਸਤਿਕਾਰ

ਅਸੀਂ ਸਭ ਇਹ ਵੀ ਭਲੀ ਭਾਂਤ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੱਡੇ ਸਟਾਰ ਪ੍ਰਚਾਰਕ ਹਨ ਅਤੇ ਉਨ੍ਹਾਂ ਵੱਲੋਂ ਕੀਤਾ ਗਿਆ ਪ੍ਰਚਾਰ ਪਾਰਟੀ ਦੇ ਲਈ ਜਿੱਤ ਦਾ ਮੰਤਰ ਬਣਦਾ ਹੈ। ਨਵਜੋਤ ਸਿੰਘ ਸਿੱਧੂ ਜਦੋਂ ਪ੍ਰਚਾਰ ਕਰਦੇ ਹਨ ਤਾਂ ਵਿਰੋਧੀਆਂ ਦੇ ਛੱਕੇ ਛੁਡਾ ਦਿੰਦੇ ਹਨ ਉਨ੍ਹਾਂ ਨੂੰ ਫਰਸ਼ ਤੋਂ ਅਰਸ਼ ਤੇ ਸੁੱਟ ਦਿੰਦੇ ਹਨ। ਇਸੇ ਤਰ੍ਹਾਂ ਆਪਣੇ ਪ੍ਰਚਾਰ ਰਾਹੀਂ ਉਹ ਆਪਣੇ ਨੇਤਾਵਾਂ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦੇ ਹਨ। ਨਵਜੋਤ ਸਿੰਘ ਸਿੱਧੂ ਦੀ ਇਸ ਬਾਕਮਾਲ ਭਾਸ਼ਨ ਕਲਾ ਤੋਂ ਹਰ ਕੋਈ ਵਾਕਫ਼ ਹੈ ਅਤੇ ਉਸ ਦਾ ਕਾਇਲ ਵੀ ਹੈ ਪਰ ਇਸ ਸਭ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਇਸ ਲਈ ਕਾਂਗਰਸ ਦੇ ਵਿੱਚ ਕੋਈ ਵੱਡਾ ਅਹੁਦਾ ਜਾਂ ਮਾਣ ਸਤਿਕਾਰ ਹਾਸਲ ਨਹੀਂ ਕਰ ਸਕੇ ਕਿਉਂਕਿ ਉਹ ਮੁੱਢ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸੁਰ ਵਿੱਚ ਸੁਰ ਨਹੀਂ ਮਿਲਾ ਸਕੇ। ਇਸ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਇਸ ਲਈ ਵੀ ਕਾਂਗਰਸ ਵਿੱਚ ਬਣਦਾ ਮਾਣ ਸਤਿਕਾਰ ਹਾਸਲ ਨਹੀਂ ਕਰ ਸਕੇ ਕਿਉਂਕਿ ਬੇਅਦਬੀ ਮਾਮਲੇ ‘ਤੇ ਉਹ ਗੋਲ-ਮਟੋਲ ਗੱਲਾਂ ਕਰਨ ਦੀ ਬਜਾਏ ਇਸ ਵਿੱਚ ਪਾਰਦਰਸ਼ੀ ਇਨਸਾਫ ਦੀ ਮੰਗ ਕਰਦੇ ਰਹੇ ਜੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਰੜਕਦਾ ਰਿਹਾ।
ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦਾ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਬਣਨ ਤੇ ਪਾਕਿਸਤਾਨ ਜਾਣਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਗਵਾਰਾ ਨਹੀਂ ਹੋਇਆ। ਉਸ ਮੌਕੇ ਜਦੋਂ ਦੋਹਾਂ ਪੰਜਾਬਾਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਬੱਲੇ ਬੱਲੇ ਹੋ ਰਹੀ ਸੀ ਅਤੇ ਦੋਹਾਂ ਪੰਜਾਬਾਂ ਵਿਚ ਨੇੜਤਾ ਵਧਾਉਣ ਦੀਆਂ ਗੱਲਾਂ ਹੋ ਰਹੀਆਂ ਸਨ ਐਨ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਸਾਡੇ ਨੈਸ਼ਨਲ ਮੀਡੀਆ ਦੀ ਸੁਰ ਵਿਚ ਸੁਰ ਮਿਲਾਉਂਦੇ ਹੋਏ ਸਿੱਧੂ ਦੇ ਖ਼ਿਲਾਫ਼ ਖੜ੍ਹੇ ਹੋ ਗਏ ਸਨ। ਉਨ੍ਹਾਂ ਨੇ ਜਨਰਲ ਜਾਵੇਦ ਬਾਜਵਾ ਨੂੰ ਪਾਈ ਜੱਫੀ ਦਾ ਬਹਾਨਾ ਬਣਾ ਕੇ ਸਿੱਧੂ ਦੀ ਅਸਮਾਨੀਂ ਚੜ੍ਹ ਰਹੀ ਗੁੱਡੀ ਦੀ ਡੋਰ ਨੂੰ ਵਿਚਾਲਿਓਂ ਕੱਟ ਦਿੱਤਾ ਸੀ।

ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਵੀ ਨਵਜੋਤ ਸਿੰਘ ਸਿੱਧੂ ਬਾਰੇ ਜਦੋਂ ਵੀ ਕੋਈ ਬਿਆਨਬਾਜ਼ੀ ਕੀਤੀ ਤਾਂ ਉਸ ਵਿਚੋਂ ਸਿੱਧੂ ਦਾ ਵਿਰੋਧ ਹੀ ਝਲਕਿਆ। ਸਿੱਧੂ ਬਾਰੇ ਉਨ੍ਹਾਂ ਹਮੇਸ਼ਾਂ ਇਹੀ ਕਿਹਾ ਕਿ …ਸਿੱਧੂ ਦੇ ਵਿੱਚ ਸਬਰ ਦੀ ਵੱਡੀ ਘਾਟ ਹੈ

ਖ਼ੈਰ! ਕਾਂਗਰਸ ਹਾਈ ਕਮਾਂਡ ਨਾਲ ਵਿਧਾਇਕਾਂ ਦੀ ਇਸ ਦਿੱਲੀ ਮੀਟਿੰਗ ਤੋਂ ਬਾਅਦ ਕਾਫੀ ਕੁਝ ਸਪੱਸ਼ਟ ਹੋ ਜਾਵੇਗਾ ਅਤੇ ਇਹ ਪਤਾ ਵੀ ਲੱਗ ਜਾਵੇਗਾ ਕਿ ਸਿੱਧੂ ਵਾਕਿਆ ਹੀ ਪਾਰਟੀ ਦੇ ਥੰਮ੍ਹ ਹਨ ਜਾਂ ਨਹੀਂ। ਜੇਕਰ ਉਹ ਥੰਮ ਹਨ ਤਾਂ ਕੀ ਇਸ ਥੰਮ੍ਹ ਨੂੰ ਕੋਈ ਛੱਤ ਜਾਂ ਛੱਤਰੀ ਨਸੀਬ ਹੋਵੇਗੀ? ਕਿ ਇਸ ਖਾਲੀ ਖੜ੍ਹੇ ਥੰਮ੍ਹ ਉੱਤੇ ਇਸੇ ਤਰ੍ਹਾਂ ਕਬੂਤਰ ਬੋਲਦੇ ਰਹਿਣਗੇ।

ਟੀਵੀ ਪੰਜਾਬ ਬਿਊਰੋ