ਡੈਸਕ- ਪੰਜਾਬ ਤੋਂ ਸੁਨਹਿਰੀ ਭਵਿੱਖ ਦੇ ਸੁਫ਼ਨੇ ਲੈ ਕੇ ਨੌਜਵਾਨ ਅਕਸਰ ਵਿਦੇਸ਼ਾ ਦਾ ਰੁਖ ਕਰਦੇ ਹਨ, ਪਰ ਉਨ੍ਹਾਂ ਦੇ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ, ਜਦੋਂ ਉਨ੍ਹਾਂ ਨੂੰ ਵਿਦੇਸ਼ ਤੋਂ ਮੰਦਭਾਗੀ ਖਬਰ ਮਿਲਦੀ ਹੈ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਇੱਥੇ ਵਾਲਮਾਰਟ ਵਿੱਚ ਪੰਜਾਬੀ ਕੁੜੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਹੈ, ਜੋ ਮੂਲ ਰੂਪ ਨਾਲ ਜਲੰਧਰ ਦੇ ਸੁਰਾਨੁੱਸੀ ਵਿਚ ਪੈਂਦੇ ਗੁਰੂ ਨਾਨਕ ਨਗਰ ਨਾਲ ਸਬੰਧਤ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਵਾਲਮਾਰਟ ਵਿੱਚ ਓਵਨ ‘ਚ ਸੜਣ ਕਾਰਨ ਜਾਨ ਗਈ ਹੈ।
ਇਸ ਸਬੰਧੀ ਮ੍ਰਿਤਕਾ ਗੁਰਸਿਮਰਨ ਕੌਰ ਦੇ ਤਾਇਆ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 2 ਸਾਲ ਪਹਿਲਾਂ ਹੀ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਉਹ ਸਾਰੇ ਇੱਥੋਂ ਹੀ ਕੈਨੇਡਾ ਦੀ ਪੀ.ਆਰ. ਲੈ ਕੇ ਗਏ ਸਨ। ਗੁਰਸਿਮਰਨ ਕੌਰ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਸ਼ਨੀਵਾਰ ਤੇ ਐਤਵਾਰ ਨੂੰ ਆਪਣੀ ਮਾਂ ਨਾਲ ਵਾਲਮਾਰਟ ਵਿਚ ਕੰਮ ਕਰਦੀ ਸੀ। ਇਸ ਸ਼ਨੀਵਾਰ ਵੀ ਗੁਰਸਿਮਰਨ ਕੌਰ ਆਪਣੀ ਮਾਂ ਨਾਲ ਕੰਮ ‘ਤੇ ਗਈ ਸੀ। ਉਸ ਦੀ ਮਾਂ ਕੰਮ ਤੋਂ ਵਾਪਸ ਆ ਗਈ ਤੇ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ।
ਗੁਰਸਿਮਰਨ ਕੌਰ ਦੀ ਮੌਤ ਦਾ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸਿਮਰਨ ਦੀ ਮੌਤ ਬੇਕਰੀ ਦੇ ਓਵਨ ‘ਚ ਸੜਣ ਨਾਲ ਹੋਈ ਹੈ, ਪਰ ਪਰਿਵਾਰ ਦਾ ਕਹਿਣਾ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਤਾਂ ਇਹ ਓਵਨ ਚਲਾਏ ਹੀ ਨਹੀਂ ਜਾਂਦੇ। ਫ਼ਿਲਹਾਲ ਹੈਲੀਫੈਕਸ ਖੇਤਰੀ ਪੁਲਿਸ ਵੱਲੋਂ ਮੌਕੇ ‘ਤੇ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਲਈ ਐਤਵਾਰ ਨੂੰ ਸਟੋਰ ਬੰਦ ਰੱਖਿਆ ਗਿਆ।
ਪੁਲਿਸ ਵੱਲੋਂ ਪਰਿਵਾਰ ਨੂੰ ਵੀ ਸਟੋਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਵੱਲੋਂ ਮਾਮਲੇ ਨਾਲ ਜੁੜੇ ਵੇਰਵੇ ਵੀ ਸਾਂਝੇ ਨਹੀਂ ਕੀਤੇ ਜਾ ਰਹੇ। ਕਿਰਤ ਵਿਭਾਗ ਨੇ ਵੀ ਕਿਹਾ ਕਿ ਉਹ ਸਥਿਤੀ ਤੋਂ ਜਾਣੂੰ ਹੈ ਅਤੇ ਪੁਲਿਸ ਮੌਕੇ ‘ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਸਮੇਂ ਹੋਰ ਜਾਣਕਾਰੀ ਸਾਂਝੀ ਕਰਨ ਵਿਚ ਅਸਮਰੱਥ ਹਾਂ।
ਇਸ ਮਾਮਲੇ ਵਿਚ ਵਾਲਮਾਰਟ ਵੱਲੋਂ ਇਕ ਮੁਲਾਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਵਾਲਮਾਰਟ ਦੇ ਬੁਲਾਰੇ ਅਮਾਂਡਾ ਮੌਸ ਨੇ ਇਕ ਬਿਆਨ ਵਿਚ ਕਿਹਾ ਕਿ ਸਾਡੇ ਸਹਿਯੋਗੀ ਦੀ ਮੌਤ ਨਾਲ ਸਾਡਾ ਦਿਲ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਰੱਖਦੇ ਹਾਂ। ਉਨ੍ਹਾਂ ਜਾਂਚ ਵਿਚ ਸਹਿਯੋਗ ਦਾ ਭਰੋਸਾ ਦਿਵਾਇਆ।