ਡੈਸਕ- ਸਟਾਰ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਪੈਰਿਸ ਓਲੰਪਿਕ 2024 ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਉਸ ਨੂੰ ਚੀਨ ਦੀ ਹੇ ਬਿੰਗ ਜਿਯਾਓ ਤੋਂ 21-19 ਅਤੇ 21-14 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਕਾਰਨ ਪੈਰਿਸ ਓਲੰਪਿਕ ਵਿੱਚ ਉਸ ਦਾ ਸਫਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਉਹ ਇੱਕ ਵੱਡਾ ਰਿਕਾਰਡ ਬਣਾਉਣ ਤੋਂ ਵੀ ਖੁੰਝ ਗਈ ਹੈ । ਸਿੰਧੂ ਚੀਨੀ ਖਿਡਾਰਨ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ । ਇਹ ਪਹਿਲੀ ਵਾਰ ਹੈ ਜਦੋਂ ਸਿੰਧੂ ਬਿਨ੍ਹਾਂ ਤਗਮੇ ਦੇ ਓਲੰਪਿਕ ਤੋਂ ਵਾਪਸੀ ਕਰੇਗੀ। ਇਸ ਤੋਂ ਪਹਿਲਾਂ ਉਹ ਦੋ ਓਲੰਪਿਕ ਖੇਡ ਚੁੱਕੇ ਹਨ ਅਤੇ ਦੋਵਾਂ ਵਿੱਚ ਤਮਗੇ ਜਿੱਤ ਚੁੱਕੇ ਹਨ।
ਪੀਵੀ ਸਿੰਧੂ ਨੇ ਓਲੰਪਿਕ ਵਿੱਚ ਦੋ ਤਗਮੇ ਜਿੱਤੇ ਹਨ। ਉਸਨੇ ਰੀਓ ਓਲੰਪਿਕ 2016 ਵਿੱਚ ਚਾਂਦੀ ਦਾ ਤਗਮਾ ਅਤੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਟੋਕੀਓ ਵਿੱਚ ਉਸਨੇ ਚੀਨ ਦੀ ਹੇ ਬਿੰਗ ਜਿਯਾਓ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ । ਪਰ ਬਿੰਗ ਜਿਆਓ ਨੇ ਉਸ ਨੂੰ ਹਰਾ ਕੇ ਪੁਰਾਣੇ ਹਿਸਾਬ ਬਰਾਬਰ ਕੀਤਾ ਹੈ। ਜੇਕਰ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਤਮਗਾ ਜਿੱਤਿਆ ਹੁੰਦਾ ਤਾਂ ਉਹ ਓਲੰਪਿਕ ਦੇ ਇਤਿਹਾਸ ਵਿੱਚ ਲਗਾਤਾਰ ਤਿੰਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਜਾਂਦੀ । ਪਰ ਅਜਿਹਾ ਨਹੀਂ ਹੋ ਸਕਿਆ, ਜਿਯਾਓ ਨੇ ਸਿੰਧੂ ਦਾ ਸੁਪਨਾ ਤੋੜ ਦਿੱਤਾ ਹੈ।
ਪੀਵੀ ਸਿੰਧੂ ਦਾ ਹੀ ਬਿੰਗ ਜਿਯਾਓ ਦੇ ਖਿਲਾਫ਼ ਮੁਕਾਬਲਾ 56 ਮਿੰਟ ਤੱਕ ਚੱਲਿਆ । ਸਿੰਧੂ ਦੀ ਮੈਚ ਵਿੱਚ ਸ਼ੁਰੂਆਤ ਚੰਗੀ ਨਹੀਂ ਰਹੀ । ਉਸ ਨੇ ਕੁਝ ਗਲਤੀਆਂ ਕੀਤੀਆਂ ਜਦੋਂ ਕਿ ਜਿਯਾਓ ਨੇ ਕੁਝ ਸਟੀਕ ਸਮੈਸ਼ ਲਗਾਏ ਜਿਸ ਨਾਲ ਚੀਨੀ ਖਿਡਾਰਨ ਨੂੰ 5-1 ਦੀ ਬੜ੍ਹਤ ਬਣਾਉਣ ਵਿੱਚ ਮਦਦ ਮਿਲੀ । ਸਿੰਧੂ ਨੂੰ ਕੋਰਟ ‘ਤੇ ਮੂਵਮੈਂਟ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਉਸ ਨੇ ਬਾਹਰ ਕੁਝ ਸ਼ਾਟ ਮਾਰ ਕੇ ਚੀਨੀ ਖਿਡਾਰਨ ਨੂੰ 7-2 ਦੀ ਲੀਡ ਲੈਣ ਦਾ ਮੌਕਾ ਦਿੱਤਾ । ਭਾਰਤੀ ਖਿਡਾਰੀ ਨੇ ਇਸ ਤੋਂ ਬਾਅਦ ਕੁਝ ਚੰਗੇ ਅੰਕ ਬਣਾ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬ੍ਰੇਕ ਤੱਕ ਜਿਯਾਓ 11-8 ਨਾਲ ਅੱਗੇ ਰਹੀ । ਸਿੰਧੂ ਨੇ ਚੀਨੀ ਖਿਡਾਰਨ ‘ਤੇ ਦਬਾਅ ਬਣਾਇਆ।
ਉਸ ਨੂੰ ਕਿਸਮਤ ਦਾ ਫਾਇਦਾ ਵੀ ਮਿਲਿਆ ਜਦੋਂ ਤਿੰਨ ਬਹੁਤ ਹੀ ਨਜ਼ਦੀਕੀ ਅੰਕ ਉਸ ਦੇ ਹੱਕ ਵਿੱਚ ਗਏ ਜਿਸ ਕਾਰਨ ਸਿੰਧੂ ਸਕੋਰ 12-12 ਨਾਲ ਬਰਾਬਰ ਕਰਨ ਵਿੱਚ ਕਾਮਯਾਬ ਰਹੀ। ਬਿੰਗ ਜਿਯਾਓ ਨੇ ਸਿੰਧੂ ਦੇ ਸਰੀਰ ‘ਤੇ ਸਮੈਸ਼ ਨਾਲ 19-17 ਦੀ ਬੜ੍ਹਤ ਬਣਾਈ। ਭਾਰਤੀ ਖਿਡਾਰੀ ਨੇ ਲਗਾਤਾਰ ਦੋ ਅੰਕ ਲੈ ਕੇ ਸਕੋਰ 19-19 ਕਰ ਦਿੱਤਾ। ਚੀਨੀ ਖਿਡਾਰੀ ਨੇ ਲਾਈਨ ‘ਤੇ ਸ਼ਾਟ ਦੇ ਨਾਲ ਗੇਮ ਪੁਆਇੰਟ ‘ਤੇ ਕਬਜ਼ਾ ਕੀਤਾ ਅਤੇ ਫਿਰ ਕਰਾਸ ਕੋਰਟ ਸਮੈਸ਼ ਨਾਲ ਲੰਬੀ ਰੈਲੀ ਦੇ ਬਾਅਦ 30 ਮਿੰਟਾਂ ‘ਚ ਪਹਿਲੀ ਗੇਮ 21-19 ਨਾਲ ਜਿੱਤ ਲਈ।