Montreal- ਕਿਊਬਕ ਸੂਬਾਈ ਪੁਲਿਸ ਦਾ ਕਹਿਣਾ ਕਿ ਕਿਊਬਕ ਦੇ ਹੇਠਲੇ ਉੱਤਰੀ ਤੱਟ ’ਤੇ ਲਾ ਤਾਬਾਤਿਰੇ ਦੇ ਨੇੜੇ ਸੋਮਵਾਰ ਸਵੇਰੇ ਮੱਛੀਆਂ ਫੜਨ ਵਾਲੀ ਇੱਕ ਕਿਸ਼ਤੀ ਦੇ ਡੁੱਬਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਉੱਥੇ ਇਸ ਹਾਦਸੇ ’ਚ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਅਤੇ ਇਸ ਮਗਰੋਂ ਇਲਾਜ ਲਈ ਉਨ੍ਹਾਂ ਨੂੰ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਕਾਰਨਰ ਬਰੁੱਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।
ਕੈਨੇਡੀਅਨ ਤੱਟ ਰੱਖਿਅਕ ਦਾ ਕਹਿਣਾ ਹੈ ਕਿ ਇਹ ਕਿਸ਼ਤੀ 18 ਮੀਟਰ ਲੰਬੀ ਸਿਲਵਰ ਕੋਂਡੋਰ ਸੀ ਅਤੇ ਇਸ ਨੂੰ ਸਾਲ 1983 ’ਚ ਬਣਾਇਆ ਗਿਆ ਸੀ। 2005 ’ਚ ਇਸ ਦਾ ਪੁਨਰ ਨਿਰਮਾਣ ਕੀਤਾ ਗਿਆ ਸੀ। ਕਿਸ਼ਤੀ ’ਚ ਸਵਾਰ ਸਾਰੇ ਪੀੜਤ ਬਲੈਂਕ ਸਬਲੋਨ ਤੋਂ ਸਨ। ਇਸ ਹਾਦਸੇ ’ਤੇ ਬਲੈਂਕ-ਸਬਲੋਨ ਦੇ ਮੇਅਰ ਐਂਡਰਿਊ ਐਥਰਿਜ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਯਕੀਨੀ ਤੌਰ ’ਤੇ ਭਾਈਚਾਰੇ ਦੇ ਲੋਕਾਂ ਲਈ ਮੁਸ਼ਕਲ ਘੜੀ ਹੈ।
ਕੈਨੇਡੀਅਨ ਤੱਟ ਰੱਖਿਅਕ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਤੜਕੇ ਕਰੀਬ 2.30 ਵਜੇ ਇਸ ਕਿਸ਼ਤੀ ਤੋਂ ਸੰਕਟ ਦਾ ਸੰਕੇਤ ਮਿਲਿਆ। ਇਸ ਮਗਰੋਂ ਦੋ ਤੱਟ ਰੱਖਿਅਕ ਜਹਾਜ਼ ਅਤੇ ਇਕ ਆਰਮਡ ਫੋਰਸਿਜ਼ ਕੋਰਮੋਰੈਂਟ ਹੈਲੀਕਾਪਟਰ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ। ਕਿਸ਼ਤੀ ਤੱਟ ਤੋਂ ਲਗਭਗ 25 ਕਿਲੋਮਟੀਰ ਦੂਰ ਸੇਂਟ ਲਾਰੈਂਸ ਦੀ ਖਾੜੀ ’ਚ ਡੁੱਬ ਗਈ। ਹਾਲਾਂਕਿ ਇਸ ਦੇ ਡੁੱਬਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਿਊਬਕ ਕੋਰੋਨਰ ਦੇ ਨਾਲ-ਨਾਲ ਸੂਬੇ ਦੇ ਲੇਬਰ ਬੋਰਡ ਵਲੋਂ ਕੀਤੀ ਜਾਵੇਗੀ।