ਅੱਜ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ ਭਗਵੰਤ ਮਾਨ, ਜਾਣੋ ਕਾਰਣ

ਡੈਸਕ- ਕਥਿਤ ਸ਼ਰਾਬ ਘੁਟਾਲੇ ਵਿੱਚ ED ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਮਿਲ ਸਕਣਗੇ। ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਇਸ ਮੁਲਾਕਾਤ ਨੂੰ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਮੁਲਾਕਾਤ ਲਈ ਜਲਦ ਹੀ ਨਵਾਂ ਸਮਾਂ ਦਿੱਤਾ ਜਾਵੇਗਾ।

ਬੀਤੇ ਕੱਲ੍ਹ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦਾ ਸਮਾਂ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾਂ ਦਿੰਦਿਆਂ ਇਸ ਮਨਜ਼ੂਰੀ ਨੂੰ ਵਾਪਿਸ ਲੈ ਲਿਆ ਗਿਆ।

ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵੱਲੋਂ ਇੱਕ ਪੱਤਰ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਲਿਖਿਆ ਗਿਆ ਸੀ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਵਾਉਣ ਲਈ ਸਮਾਂ ਮੰਗਿਆ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਭਗਵੰਤ ਮਾਨ ਦਾ ਨਾਮ ਅਰਵਿੰਦ ਕੇਜਰੀਵਾਲ ਨੂੰ ਮਿਲਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਸੀ। ਇਸ ਤੋਂ ਬਾਅਦ ਬੀਤੇ ਕੱਲ੍ਹ ਪ੍ਰਸ਼ਾਸਨ ਨੇ ਮੁੱਖ ਮੰਤਰੀ ਨੂੰ ਕੇਜਰੀਵਾਲ ਨਾਲ ਮੁਲਾਕਾਤ ਸਮਾਂ ਦੇ ਦਿੱਤਾ ਸੀ ਪਰ ਹੁਣ ਇਸ ਮੁਲਾਕਾਤ ਨੂੰ ਮਲਤਵੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਪਿਹਰ 1 ਵਜੇ ਅਰਵਿੰਦ ਕੇਜਰੀਵਾਲ ਨੂੰ ਮਿਲਣਾ ਸੀ। ਜਿਸ ਦੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ ਅਤੇ ਮੁੱਖ ਮੰਤਰੀ ਦਾ ਵੀ ਸੂਡਿਊਲ ਤੈਅ ਕਰ ਦਿੱਤਾ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਦੇਰ ਸ਼ਾਮ ਉਹਨਾਂ ਨੂੰ ਸੂਚਨਾ ਦਿੱਤੀ ਗਈ ਕਿ ਭਲਕੇ ਹੋਣ ਵਾਲੀ ਮੁਲਾਕਾਤ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਪ੍ਰਸ਼ਾਸਨ ਨੂੰ ਜੇਲ੍ਹ ਵਿੱਚ ਮਿਲਣ ਲਈ 6 ਲੋਕਾਂ ਦੀ ਸੂਚੀ ਸੌਂਪੀ ਗਈ ਸੀ, ਇਨ੍ਹਾਂ ਵਿੱਚੋਂ 3 ਪਰਿਵਾਰਕ ਮੈਂਬਰਾਂ ਦੇ ਨਾਂ ਹਨ ਅਤੇ 3 ਖਾਸ ਦੋਸਤ ਹਨ। ਜੇਲ ਦੇ ਨਿਯਮਾਂ ਮੁਤਾਬਕ ਕੇਜਰੀਵਾਲ 10 ਲੋਕਾਂ ਦੇ ਨਾਂ ਦੇ ਸਕਦੇ ਹਨ। ਹੁਣ ਕੇਜਰੀਵਾਲ ਨੂੰ ਮਿਲਣ ਵਾਲਿਆਂ ਦੀ ਸੂਚੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਸਭਾ ਮੈਂਬਰ ਸੰਜੇ ਸਿੰਘ ਦਾ ਨਾਮ ਸ਼ਾਮਿਲ ਹੈ।

ਕੇਜਰੀਵਾਲ 15 ਅਪ੍ਰੈਲ ਤੱਕ ਸਲਾਖਾਂ ਪਿੱਛੇ ਰਹਿਣਗੇ। ਜੇਲ੍ਹ ਵਿੱਚ ਸਿਰਫ਼ ਛੇ ਲੋਕ ਹੀ ਉਹਨਾਂ ਨੂੰ ਮਿਲ ਸਕਦੇ ਹਨ। ਕੇਜਰੀਵਾਲ ਨੇ ਇਸ ਲਈ ਛੇ ਨਾਂ ਸੁਝਾਏ ਹਨ। ਇਨ੍ਹਾਂ ‘ਚ ਉਨ੍ਹਾਂ ਦੀ ਪਤਨੀ ਸੁਨੀਤਾ, ਬੇਟੇ ਪੁਲਕਿਤ ਅਤੇ ਬੇਟੀ ਹਰਸ਼ਿਤਾ ਤੋਂ ਇਲਾਵਾ ਤਿੰਨ ਦੋਸਤਾਂ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ‘ਚੋਂ ਪਹਿਲਾ ਨਾਂ ਸੰਦੀਪ ਪਾਠਕ ਦਾ ਹੈ, ਇਸ ਤੋਂ ਇਲਾਵਾ ਦੂਜਾ ਨਾਂ ਵਿਭਵ ਦਾ ਹੈ। ਇਸ ਤੋਂ ਇਲਾਵਾ ਇਕ ਹੋਰ ਦੋਸਤ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।