ਪਰਾਲੀ ਦੀ ਸੁਚੱਜੀ ਸੰਭਾਲ ਵਿਚ ਨੌਜਵਾਨ ਸੁਸਾਇਟੀਆਂ ਤੇ ਕਲੱਬਾਂ ਵੱਲੋਂ ਪਾਇਆ ਜਾ ਰਿਹੈ ਅਹਿਮ ਯੋਗਦਾਨ

ਜਲੰਧਰ : ਝੋਨੇ ਦੀ ਪਰਾਲੀ ਦੀ ਸੰਭਾਲ ਲਈ ਜ਼ਿਲ੍ਹਾ ਜਲੰਧਰ ਵਿਚ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿਚ ਜ਼ਿਲ੍ਹੇ ਵਿਚਲੇ ਪਿੰਡਾਂ ਦੀਆਂ ਨੌਜਵਾਨ ਸੁਸਾਇਟੀਆਂ ਅਤੇ ਕਲੱਬਾਂ ਵੱਲੋਂ ਵੀ ਅਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।

ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਯੂਥ ਕਲੱਬ ਪਿੰਡ ਨਵਾਂ ਪਿੰਡ ਦੋਨੇਵਾਲ ਬਲਾਕ ਸ਼ਾਹਕੋਟ ਅਧੀਨ ਕੁੱਲ 15 ਨੌਜਵਾਨ ਕਿਸਾਨਾਂ ਵੱਲੋਂ ਇਸ ਸੀਜ਼ਨ ਦੌਰਾਨ ਪਿੰਡ ਮੱਖੀ, ਫੁੱਲ, ਨਵਾਂ ਪਿੰਡ ਦੋਨੇਵਾਲ ਵਿਖੇ 400 ਏਕੜ ਰਕਬੇ ਵਿਚ ਪਰਾਲੀ ਦੀ ਸੁਚੱਜੀ ਸੰਭਾਲ ਕਰਦੇ ਹੋਏ ਆਲੂ ਅਤੇ ਕਣਕ ਦੀ ਬਿਜਾਈ ਕੀਤੀ ਗਈ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਗਰੁੱਪ ਨੂੰ ਮਲਚਰ ਅਤੇ ਸੁਪਸੀਡਰ ਮਸ਼ੀਨਾਂ ਸਬਸਿਡੀ ‘ਤੇ ਮੁਹੱਈਆ ਕੀਤੀਆਂ ਗਈਆਂ ਸਨ ਅਤੇ ਹੁਣ ਇਸ ਸੁਸਾਇਟੀ ਦੇ ਨੌਜਵਾਨ ਵੱਲੋਂ ਨੇੜਲੇ ਪਿੰਡਾਂ ਵਿਚ ਹੋਰਨਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਪਿੰਡ ਉੱਪਲ ਜਗੀਰ ਬਲਾਕ ਨੂਰਮਹਿਲ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਵੱਲੋਂ ਪਿੰਡ ਨਾਹਲ, ਭੱਦੋਵਾਲ ਅਤੇ ਉੱਪਲ ਜਗੀਰ ਵਿਖੇ 400 ਏਕੜ ਰਕਬੇ ਅਧੀਨ ਪਰਾਲੀ ਦੀ ਸੁਚੱਜੀ ਸੰਭਾਲ ਕੀਤੀ ਗਈ ਹੈ, ਜਿਸ ਲਈ ਇਸ ਗਰੁੱਪ ਅਧੀਨ 12 ਨੌਜਵਾਨਾਂ ਵੱਲੋਂ ਸੁਪਰਸੀਡਰ ਅਤੇ ਬੇਲਰਾਂ ਆਦਿ ਦੀ ਵਰਤੋਂ ਕੀਤੀ ਗਈ ।

ਇਸ ਤੋਂ ਇਲਾਵਾ ਸ਼ਾਦੀਪੁਰ ਕਿਸਾਨ ਵੈੱਲਫੇਅਰ ਸੇਵਾ ਸੁਸਾਇਟੀ ਵੱਲੋਂ ਵੀ ਸੁਪਰਸੀਡਰ, ਹੈਪੀਸੀਡਰ ਆਦਿ ਮਸ਼ੀਨਾਂ ਰਾਹੀਂ 300 ਏਕੜ ਰਕਬੇ ਵਿਚ ਪਰਾਲੀ ਦੀ ਸੰਭਾਲ ਦਾ ਕਾਰਜ ਕੀਤਾ ਜਾ ਰਿਹਾ ਹੈ।

ਸੁਖਵਿੰਦਰ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਯੂਥ ਸਰਵਿਸ ਨਵਾਂ ਪਿੰਡ ਦੋਨੇਵਾਲ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਪਰਾਲੀ ਨੂੰ ਜ਼ਮੀਨ ਵਿਚ ਵਾਹ ਕੇ ਕਣਕ ਜਾਂ ਆਲੂਆਂ ਦੀ ਫਸਲ ਦੀ ਬਿਜਾਈ ਕੀਤੀ ਗਈ ਹੈ, ਉਹ ਪਰਾਲੀ ਦੀ ਸੰਭਾਲ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਹੁੰਦੇ ਸੁਧਾਰ ਜਾਣੂੰ ਹੋ ਚੁੱਕੇ ਹਨ।

ਇਸੇ ਤਰ੍ਹਾਂ ਕੁਲਬੀਰ ਸਿੰਘ ਪਿੰਡ ਸ਼ਾਦੀਪੁਰ ਨੇ ਵੀ ਕਿਹਾ ਕਿ ਹੁਣ ਕਿਸਾਨਾਂ ਵਿੱਚ ਚੇਤੰਨਤਾ ਵਧ ਰਹੀ ਹੈ ਅਤੇ ਸਾਰੇ ਕਿਸਾਨ ਪਰਾਲੀ ਦੀ ਸੰਭਾਲ ਵੱਲ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਵਿਭਾਗ ਵੱਲੋਂ ਅਜਿਹੀਆਂ ਨੌਜਵਾਨ ਸੇਵਾ ਸੁਸਾਇਟੀਆਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਜਾਗਰੂਕ ਕਰਦੇ ਹੋਏ ਪਿਛਲੇ ਸਮੇਂ ਦੌਰਾਨ ਸਬਸਿਡੀ ‘ਤੇ ਵੱਖ-ਵੱਖ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਗਈਆਂ।

ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਵਿੱਚ 1200 ਖੇਤੀ ਮਸ਼ੀਨਰੀ ਸੇਵਾ ਕੇਂਦਰਾਂ ਰਾਹੀਂ ਕਿਸਾਨਾਂ ਨੂੰ ਮਸ਼ੀਨਾਂ ਮਹੱਈਆ ਕਰਵਾਈਆ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਸਮੂਹ ਬਲਾਕਾਂ ਵਿਚ 900 ਵਾਲ ਪੇਟਿੰਗਾਂ ਰਾਹੀਂ ਪਰਾਲੀ ਦੀ ਸੰਭਾਲ ਲਈ ਮਹੱਤਵਪੂਰਨ ਸੁਨੇਹੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ।

ਜ਼ਿਲ੍ਹੇ ਦੇ ਪੇਂਡੂ ਸਕੂਲਾਂ ਵਿਚ ਵਿਦਿਆਰਥੀਆਂ ਦੇ ਭਾਸ਼ਣ, ਪੇਂਟਿੰਗ ਆਦਿ ਦੇ ਮੁਕਾਬਲੇ ਕਰਵਾ ਕੇ ਪਰਾਲੀ ਦੀ ਸੰਭਾਲ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਅੱਗੇ ਆ ਕੇ ਆਪਣੇ ਪਿੰਡਾਂ ਵਿੱਚ ਪਰਾਲੀ ਦੀ ਸੁਚੱਜੀ ਸੰਭਾਲ ਵੱਲ ਕਦਮ ਵਧਾਉਣਾ ਚਾਹੀਦਾ ਹੈ।

ਟੀਵੀ ਪੰਜਾਬ ਬਿਊਰੋ