ਲੁਧਿਆਣਾ ‘ਚ ਖਤਰਨਾਕ ਸੜਕ ਹਾਦਸਾ, ਪੰਜ ਦੀ ਮੌਤ

ਲੁਧਿਆਣਾ – ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਨੇੜੇ ਸੋਮਵਾਰ ਦੇਰ ਰਾਤ ਇਕ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ ਕਾਰ ਚਾਲਕ, ਉਸ ਦੀ ਬੇਟੀ, ਸਾਲੀ ਅਤੇ ਉਸ ਦੀਆਂ ਦੋ ਬੇਟੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਕਤ ਕਾਰ ਚਾਲਕ ਦੀ ਪਤਨੀ ਗੰਭੀਰ ਰੂਪ ‘ਚ ਜ਼ਖਮੀ ਹੈ, ਜਿਸ ਨੂੰ CMC ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮਾਮਲੇ ਦੀ ਸੂਚਨਾ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਦਿੱਤੀ ਗਈ, ਜਿਸ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ‘ਚ ਕਾਰ ਚਾਲਕ ਰਾਜੇਸ਼ ਕੁਮਾਰ ਵਾਸੀ ਪੁਰਾਣੀ ਮਾਧੋਪੁਰੀ, ਉਸ ਦੀ 5 ਸਾਲਾ ਬੇਟੀ ਜੈਸਮੀਨ ਅਤੇ ਉਸ ਦੀ ਭਰਜਾਈ ਸੰਜਨਾ ਵਾਸੀ ਪ੍ਰਤਾਪ ਨਗਰ ਅਤੇ ਉਸ ਦੀਆਂ ਦੋ ਬੇਟੀਆਂ 5 ਸਾਲਾ ਮਾਹੀ ਅਤੇ 3 ਸਾਲ ਦੀ ਖੁਸ਼ੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਰਾਜੇਸ਼ ਦੀ ਪਤਨੀ ਪ੍ਰਿਆ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਰਾ ਪਰਿਵਾਰ ਚੰਡੀਗੜ੍ਹ ਤੋਂ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋ ਕੇ ਦੇਰ ਰਾਤ ਘਰ ਪਰਤ ਰਿਹਾ ਸੀ। ਜਿੱਥੇ ਦੇਰ ਰਾਤ ਕਰੀਬ 2:30 ਵਜੇ ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਦੌਰਾਨ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਜਿਸ ਦੌਰਾਨ ਕਾਰ ਬੁਰੀ ਤਰ੍ਹਾਂ ਨਾਲ ਪਲਟ ਗਈ। ਕਾਰ ‘ਚ ਮੌਜੂਦ 6 ਲੋਕਾਂ ‘ਚੋਂ ਡਰਾਈਵਰ, ਔਰਤਾਂ ਅਤੇ 3 ਬੱਚੀਆਂ ਦੀ ਮੌਤ ਹੋ ਗਈ।

ਥਾਣਾ ਫੋਕਲ ਪੁਆਇੰਟ ਅਧੀਨ ਪੈਂਦੀ ਪੁਲਿਸ ਚੌਕੀ ਜੀਵਨ ਨਗਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚ ਗਏ ਸਨ। ਜਿੱਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਉਸ ਨੇ ਦੱਸਿਆ ਕਿ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਕਾਰ ਦੀ ਸਪੀਡ 120 ਕਿਲੋਮੀਟਰ ਸੀ।