Yellowknife– ਜੰਗਲੀ ਅੱਗ ’ਚ ਲਗਾਤਾਰ ਹੁੰਦੇ ਵਾਧੇ ਦੇ ਚੱਲਦਿਆਂ ਯੈਲੋਨਾਈਫ ਸ਼ਹਿਰ ਦੇ ਨਿਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਘਰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਨਾਰਥਵੈਸਟ ਟੈਰਟਰੀਜ਼ ਦੇ ਅਧਿਕਾਰੀਆਂ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਵਾਤਾਵਰਣ ਮੰਤਰੀ ਸ਼ੇਨ ਥੌਮਸਨ ਨੇ ਕਿਹਾ ਕਿ ਸ਼ਹਿਰ ਤਤਕਾਲ ਖ਼ਤਰੇ ’ਚ ਤਾਂ ਨਹੀਂ ਹੈ ਅਤੇ ਸ਼ਹਿਰ ਵਾਸੀਆਂ ਨੂੰ ਪੜਾਅਵਾਰ ਤਰੀਕੇ ਨਾਲ ਕਾਰਾਂ ਅਤੇ ਜਹਾਜ਼ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ।
ਨਿਕਾਸੀ ਦੇ ਹੁਕਮ ’ਚ ਕਿਹਾ ਗਿਆ ਹੈ ਸ਼ਹਿਰ ਦੇ ਵਸਨੀਕਾਂ ਨੂੰ ਜ਼ੋਖ਼ਮ ਮੁਤਾਬਕ ਸ਼ਹਿਰ ਨੂੰ ਛੱਡ ਦੇਣਾ ਚਾਹੀਦਾ ਹੈ। ਡੇਟਾਹ ’ਚ ਇੰਗ੍ਰਾਹਮ ਟ੍ਰੇਲ ਅਤੇ ਯੈਲੋਨਾਈਫ਼ ’ਚ ਕਾਮ ਝੀਲ, ਗ੍ਰੇਸ ਝੀਲ ਅਤੇ ਐਂਗਲ ਬਿਜ਼ਨੈੱਸ ਜ਼ਿਲ੍ਹੇ ਸਭ ਤੋਂ ਵਧੇਰੇ ਖ਼ਤਰੇ ’ਚ ਹਨ ਅਤੇ ਲੋਕਾਂ ਨੂੰ ਜਲਦੀ ਤੋਂ ਜਲਦੀ ਘਰ ਖ਼ਾਲੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਯੈਲੋਨਾਈਫ਼ ਅਤੇ ਐਨਡਿਲੋ ਦੇ ਹੋਰ ਵਸਨੀਕਾਂ ਨੂੰ ਸ਼ੁੱਕਰਵਾਰ ਦੁਪਹਿਰ ਤੱਕ ਘਰ ਖ਼ਾਲੀ ਕਰਨ ਲਈ ਕਿਹਾ ਗਿਆ ਹੈ।
ਥੌਮਸਨ ਨੇ ਬੁੱਧਵਾਰ ਸ਼ਾਮੀ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਅੱਗ ਹੁਣ ਸ਼ਹਿਰ ਲਈ ਇੱਕ ਅਸਲ ਖ਼ਤਰਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਸ ਹਫ਼ਤੇ ਤੱਕ ਸ਼ਹਿਰ ਦੇ ਬਾਹਰੀ ਇਲਾਕੇ ਤੱਕ ਪਹੁੰਚ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਅੱਗ ਸ਼ਹਿਰ ਤੋਂ 17 ਕਿਲੋਮੀਟਰ ਦੂਰ ਸੀ। ਇਸ ਬਾਰੇ ’ਚ ਫਾਇਰ ਸੂਚਨਾ ਅਧਿਕਾਰੀ ਮਾਈਕ ਵੈਸਟਵਿਕ ਨੇ ਕਿਹਾ ਕਿ ਅੱਗ ਸ਼ੁੱਕਰਵਾਰ ਤੱਕ ਇੰਗ੍ਰਾਹਮ ਟ੍ਰੇਲ ਤੱਕ ਪਹੁੰਚ ਸਕਦੀ ਹੈ। ਨਿਕਾਸੀ ਦਾ ਇਹ ਹੁਕਮ ਲਗਭਗ 22,000 ਲੋਕਾਂ ਨੂੰ ਪ੍ਰਭਾਵਿਤ ਕਰ ਸਦਦਾ ਹੈ।