ਡੈਸਕ- ਪੰਜਾਬ ਵਿਚ ‘ਆਪ’ ਤੇ ਕਾਂਗਰਸ ਵਿਚ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਚਲ ਰਹੇ ਵਖਰੇਵਿਆਂ ਤੇ ਬਿਆਨਬਾਜ਼ੀ ਦੇ ਚਲਦੇ 2 ਅਕਤੂਬਰ ਨੂੰ ਪੰਜਾਬ ਵਿਚ ਆਈ.ਐਨ.ਡੀ.ਆਈ.ਏ. ਗਠਜੋੜ ਦੇ ਦੋ ਵੱਡੇ ਚਿਹਰੇ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ’ਤੇ ਆਉਣ ਦੇ ਪ੍ਰੋਗਰਾਮ ਬਾਅਦ ਸਿਆਸੀ ਹਲਕਿਆਂ ਵਿਚ ਨਵੀਂ ਹਲਚਲ ਪੈਦਾ ਹੋਈ ਹੈ। ਹੁਣ ਪੰਜਾਬ ਦੇ ਸਿਆਸੀ ਆਗੂਆਂ ਅਤੇ ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਇਨ੍ਹਾਂ ਦੋਵੇਂ ਆਗੂਆਂ ਦੇ ਇਕੋ ਹੀ ਦਿਨ ਪੰਜਾਬ ਆਉਣ ’ਤੇ ਟਿਕ ਗਈਆਂ ਹਨ।
ਜ਼ਿਕਰਯੋਗ ਹੈ ਕਿ ਦੋਹਾਂ ਹੀ ਆਗੂਆਂ ਨੇ 2 ਅਕਤੂਬਰ ਗਾਂਧੀ ਜੈਯੰਤੀ ਦਾ ਦਿਨ ਪੰਜਾਬ ਲਈ ਚੁਣਿਆ ਹੈ। ਇਸ ਤੋਂ ਇੰਡੀਆ ਗਠਜੋੜ ਵਿਚ ਪੰਜਾਬ ਦੀ ਅਹਿਮੀਅਤ ਨੂੰ ਵੀ ਸਮਝਿਆ ਜਾ ਸਕਦਾ ਹੈ। ‘ਆਪ’ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ 2 ਅਕਤੂਬਰ ਦੇ ਪੰਜਾਬ ਦੌਰੇ ਸਮੇਂ ਸੂਬੇ ਵਿਚ ਹੋਣ ਵਾਲੇ ਗਠਜੋੜ ਦੀ ਤਸਵੀਰ ਸਾਫ਼ ਹੋ ਸਕਦੀ ਹੈ। ਰਾਹੁਲ ਗਾਂਧੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਰਹੇ ਹਨ। ਉਨ੍ਹਾਂ ਦੇ ਇਸ ਦੌਰੇ ਨੂੰ ਨਿਜੀ ਦਸਿਆ ਜਾ ਰਿਹਾ ਹੈ ਅਤੇ ਸੁਣ ਕੇ ਪ੍ਰਮੁੱਖ ਨੇਤਾ ਹੀ ਉਨ੍ਹਾਂ ਨਾਲ ਰਹਿਣਗੇ ਅਤੇ ਹੋਰ ਨੇਤਾਵਾਂ ਤੇ ਵਰਕਰਾਂ ਨੂੰ ਮਨ੍ਹਾ ਕੀਤਾ ਗਿਆ ਹੈ।
ਰਾਹੁਲ ਗਾਂਧੀ ਦਰਬਾਰ ਸਾਹਿਬ ਮੱਥਾ ਟੇਕਣ ਬਾਅਦ ਉਥੇ ਲੰਗਰ ਅਤੇ ਜੋੜਿਆਂ ਆਦਿ ਦੀ ਸੇਵਾ ਵੀ ਕਰਨਗੇ। ਇਸ ਤੋਂ ਪਹਿਲਾਂ ਭਾਰਤ ਜੋੜੋ ਯਾਤਰਾ ਸਮੇਂ ਰਾਹੁਲ ਗਾਂਧੀ ਦਰਬਾਰ ਸਾਹਿਬ ਆਏ ਸਨ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਰਾਹੁਲ ਨਾਲ ਦਰਬਾਰ ਸਾਹਿਬ ਆ ਸਕਦੇ ਹਨ ਅਤੇ ਇਸ ਸਮੇਂ ਰਾਹੁਲ ਉਨ੍ਹਾਂ ਨੂੰ ਭਵਿੱਖ ਦੀ ਰਣਨੀਤੀ ਜਾਂ ਗਠਜੋੜ ਬਾਰੇ ਸੁਨੇਹਾ ਵੀ ਦੇ ਕੇ ਜਾ ਸਕਦੇ ਹਨ ਜਿਸ ਕਰ ਕੇ ਸੱਭ ਨਜ਼ਰਾਂ ਰਾਹੁਲ ਦੇ ਅੰਮ੍ਰਿਤਸਰ ਦੌਰੇ ’ਤੇ ਰਹਿਣਗੀਆਂ।
ਇਸੇ ਤਰ੍ਹਾਂ ਕੇਜਰੀਵਾਲ ਇਸੇ ਦਿਨ ਪੰਜਾਬ ਵਿਚ ਪਟਿਆਲਾ ਆ ਰਹੇ ਹਨ। ਉਹ ਮਾਤਾ ਕੋਸ਼ਲਿਆ ਹਸਪਤਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਲ ਲੈ ਕੇ
ਮਿਸ਼ਨ ਸਿਹਤਮੰਦ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਇਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ ਅਤੇ ਇਸ ਵਿਚ ਵੀ ਉਹ ਪੰਜਾਬ ਵਿਚ ਗਠਜੋੜ ਬਾਰੇ ਸਥਿਤੀ ਸਪੱਸ਼ਟ ਕਰ ਸਕਦੇ ਹਨ। ਇਸ ਸਮੇਂ ਪੰਜਾਬ ਵਿਚ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਬਾਅਦ ਸਿਆਸੀ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ ਤੇ ਜਿਥੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਗਠਜੋੜ ਵਿਰੁਧ ਸਟੈਂਡ ਲੈ ਰਹੇ ਹਨ ਤੇ ਰਵਨੀਤ ਸਿੰਘ ਬਿੱਟੂ ਅਤੇ ਨਵਜੋਤ ਸਿੱਧੂ ਖੁਲ੍ਹ ਕੇ ਪੰਜਾਬ ਵਿਚ ਗਠਜੋੜ ਦੀ ਵਕਾਲਤ ਕਰ ਰਹੇ ਹਨ।