ਨਵੀਂ ਦਿੱਲੀ: ਰਾਹੁਲ ਗਾਂਧੀ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਲਈ ਨਾਂਹ ਕਰਨ ਦੇ ਬਾਵਜੂਦ ਦੋਹਾਂ ਨੇ ਕਰੀਬ ਸਵਾ ਘੰਟਾ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅੰਦਰ ਰਾਹੁਲ ਗਾਂਧੀ ਨਾਲ ਕੀ ਗੱਲਬਾਤ ਹੋਈ ਇਸ ਸਬੰਧੀ ਸਿੱਧੂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ ਦਿੱਲੀ ਤੋਂ ਕੋਈ ਵੱਡਾ ਅਹੁੱਦਾ ਲੈ ਕੇ ਮੁੜਣਗੇ।
ਇਸ ਤੋਂ ਪਹਿਲਾਂ ਕਾਂਗਰਸੀ ਲੀਡਰ ਨਵਜੋਤ ਸਿੱਧੂ ਨਾਲ ਅੱਜ ਪ੍ਰਿਅੰਕਾ ਗਾਂਧੀ ਨੇ ਵੀ ਮੁਲਾਕਾਤ ਕੀਤੀ ਸੀ। ਨਵਜੋਤ ਸਿੱਧੂ ਕੱਲ੍ਹ ਤੋਂ ਦਿੱਲੀ ਵਿੱਚ ਹਨ। ਚਰਚਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਪਰ ਇਹ ਮੀਟਿੰਗ ਨਹੀਂ ਹੋ ਪਾ ਰਹੀ ਸੀ।ਪਰ ਅੱਜ ਸ਼ਾਮ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਨਿਵਾਸ ਅਸਥਾਨ ਤੇ ਪਹੁੰਚ ਗਏ।ਦੋਨਾਂ ਵਿਚਾਲੇ ਕਰੀਬ ਸਵਾ ਘੰਟਾ ਗੱਲਬਾਤ ਚੱਲੀ।
ਪਹਿਲਾਂ ਰਾਹੁਲ ਗਾਂਧੀ ਨੇ ਕਹਿ ਦਿੱਤਾ ਸੀ ਕਿ ਅਜਿਹੀ ਕੋਈ ਮੀਟਿੰਗ ਤੈਅ ਹੀ ਨਹੀਂ ਹੋਈ ਸੀ। ਇਸ ਮਗਰੋਂ ਸਿੱਧੂ ਦੀ ਹਾਲਤ ਅਜੀਬ ਬਣ ਗਈ ਸੀ।ਇਸ ਨੂੰ ਸੰਭਾਲਦਿਆਂ ਅੱਜ ਪ੍ਰਿਅੰਕਾ ਗਾਂਧੀ ਨੇ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਮੀਟਿੰਗ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਬੀਤੇ ਦਿਨ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਪਟਿਆਲੇ ਤੋਂ ਦਿੱਲੀ ਰਾਹੁਲ ਗਾਂਧੀ ਨੂੰ ਮਿਲਣ ਆਏ ਹਨ।
ਸਿੱਧੂ ਦੀ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਨੂੰ ਲੈ ਕੇ ਸ਼ੰਕਾ ਬਰਕਰਾਰ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਨੂੰ ਲੈ ਕੇ ਸ਼ੰਕੇ ਕਾਇਮ ਹਨ। ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਿੱਧੂ ਨਾਲ ਉਨ੍ਹਾਂ ਦੀ ਕੋਈ ਤੈਅ ਮੁਲਾਕਾਤ ਨਹੀਂ।ਪਰ ਅੱਜ ਸ਼ਾਮ ਕਰੀਬ 7:23 ਵਜੇ ਸਿੱਧੂ ਰਾਹੁਲ ਗਾਂਧੀ ਦੇ ਘਰ ਪਹੁੰਚੇ ਹਨ।
ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਸਿੱਧੂ ਮੰਗਲਵਾਰ ਨੂੰ ਹੀ ਇਨ੍ਹਾਂ ਦੋਵਾਂ ਚੋਟੀ ਦੇ ਕਾਂਗਰਸ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਜਦੋਂ ਰਾਹੁਲ ਗਾਂਧੀ ਕਾਰ ਚਲਾਉਂਦੇ ਹੋਏ ਆਪਣੀ ਰਿਹਾਇਸ਼ ਤੋਂ ਬਾਹਰ ਆਏ ਤਾਂ ਮੌਕੇ ‘ਤੇ ਮੌਜੂਦ ਪੱਤਰਕਾਰਾਂ ਨੇ ਸਿੱਧੂ ਤੋਂ ਉਨ੍ਹਾਂ ਦੀ ਮੁਲਾਕਾਤ ਦੀ ਸੰਭਾਵਨਾ ਬਾਰੇ ਪੁੱਛਿਆ। ਇਸ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਤੇ ਸਿੱਧੂ ਵਿਚਾਲੇ ਕੋਈ ਮੁਲਾਕਾਤ ਤੈਅ ਨਹੀਂ।
ਦੱਸ ਦੇਈਏ ਕਿ ਪੰਜਾਬ ‘ਚ ਕਾਂਗਰਸ ਅੰਦਰਲੀ ਕਾਟੋ-ਕਲੇਸ਼ ਨੂੰ ਦੂਰ ਕਰਨ ਦੀ ਕੋਸ਼ਿਸ਼ ‘ਚ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ‘ਚ ਪਾਰਟੀ ਦੇ ਕਈ ਨੇਤਾਵਾਂ ਨਾਲ ਮੰਥਨ ਕੀਤਾ। ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਨੇ 100 ਤੋਂ ਵੱਧ ਨੇਤਾਵਾਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰੇ ਵੀ ਕੀਤੇ।