ਸਿੱਖਾਂ ਤੋਂ ਬਗੈਰ ਭਾਰਤ ਕਦੇ ਭਾਰਤ ਨਹੀਂ ਬਣ ਸਕਦਾ ਸੀ- ਰਾਹੁਲ ਗਾਂਧੀ

ਦਸੂਹਾ- ਆਲ ਇੰਡੀਆ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਸਿੱਖ ਧਰਮ ਅਤੇ ਪੰਜਾਬ ਦੀ ਦੇਸ਼ ਨੂੰ ਬਹਤ ਵੱਡੀ ਦੇਣ ਹੈ । ਸਿੱਖਾਂ ਦੀਆਂ ਕੁਰਬਾਣੀਆਂ ਤੋਂ ਬਗੈਰ ਭਾਰਤ ਦੇਸ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਕਾਂਗਰਸੀ ਨੇਤਾ ਨੇ ਕਿਹਾ ਕਿ ਉਹ ਦਿੱਲ ਤੋਂ ਸਿੱਖ ਧਰਮ ਦੀ ਕਦਰ ਕਰਦੇ ਹਨ ।

ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਮੁਆਫੀ ਮੰਗੇ ਜਾਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਓਪਰੇਸ਼ਨ ਬਲੂ ਸਟਾਰ ਅਤੇ ਦਿੱਲੀ ਚ ਹੋਏ ਸਿੱਖ ਨਸਲਕੁਸ਼ੀ ਦੰਗਿਆਂ ਲਈ ਉਹ ਆਪਣਾ ਪੱਖ ਵਾਰ ਵਾਰ ਰੱਖ ਚੁੱਕੇ ਹਨ ।ਇਸ ਤੋਂ ਪਹਿਲਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆਂ ਗਾਂਧੀ ਵੀ ਇਸ ਬਾਬਤ ਗਾਂਧੀ ਪਰਿਵਾਰ ਅਤੇ ਕਾਂਗਰਸ ਵਲੋਂ ਪ੍ਰਤੀਕਰਮ ਦੇ ਚੁੱਕੇ ਹਨ ।ਉਨ੍ਹਾਂ ਵਲੋਂ ਜੋ ਬਿਆਨ ਦਿੱਤੇ ਗਏ ਹਨ , ਉਹ ਉਸਦਾ ਸਮਰਥਨ ਕਰਦੇ ਹਨ ।ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਆਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਤੋਂ ਅਕਾਲੀ ਦਲ ਵਲੋਂ ਓਪਰੇਸ਼ਨ ਬਲੂ ਸਟਾਰ ਅਤੇ ਦਿੱਲੀ ਦੰਗਿਆਂ ਨੂੰ ਲੈ ਕੇ ਮੁਆਫੀ ਮੰਗਣ ਲਈ ਕਿਹਾ ਸੀ ।ਦਸੂਹਾ ਵਿਖੇ ਅਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਰਾਹੁਲ ਨੇ ਇਸ ਸਬੰਧ ਚ ਪੁੱਛੇ ਸਵਾਲ ਦਾ ਬਹੁਤਾ ਖੁੱਲ੍ਹ ਕੇ ਜਵਾਬ ਨਹੀਂ ਦਿੱਤਾ ।

ਇਸਤੋਂ ਇਲਾਵਾ ਵਰੁਣ ਗਾਂਧੀ ਦੇ ਕਾਂਗਰਸ ਨਾਲ ਹੱਥ ਮਿਲਾਉਣ ਦੀ ਗੱਲ ‘ਤੇ ਰਾਹੁਲ ਨੇ ਕੋਰੀ ਨਾਹ ਕੀਤੀ ਹੈ । ਰਾਹੁਲ ਮੁਤਾਬਿਕ ਵਰੁਣ ਨੇ ਆਰ.ਐੱਸ.ਐੱਸ ਦੀ ਵਿਚਾਰਧਾਰਾ ਨੂੰ ਅਪਣਾਇਆ ਸੀ । ਇਸ ਲਈ ਉਹ ਕਦੇ ਵੀ ਉਨ੍ਹਾਂ ਨਾਲ ਸਿਆਸੀ ਤੌਰ ‘ਤੇ ਹੱਥ ਨਹੀਂ ਮਿਲਾਉਣਗੇ ।