ਪਟਿਆਲਾ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸਵੇਰੇ ਪਟਿਆਲਾ ਬੱਸ ਸਟੈਂਡ ‘ਤੇ ਪੁੱਜੇ ਅਤੇ ਉਨ੍ਹਾਂ ਨੇ ਇੱਥੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਜਲਦ ਹੀ ਉਨ੍ਹਾਂ ਦੀਆਂ ਦਿੱਕਤਾਂ ਨੂੰ ਦੂਰ ਕਰ ਦਿੱਤਾ ਜਾਵੇਗਾ।
ਉਨ੍ਹਾਂ ਕੱਚੇ ਮੁਲਾਜ਼ਮਾਂ ਸਬੰਧੀ ਗੱਲਬਾਤ ਕਰਦਿਆਂ ਆਖਿਆ ਕਿ ਇਨ੍ਹਾਂ ਦੀ ਤਨਖ਼ਾਹ ‘ਚ 30 ਫ਼ੀਸਦੀ ਵਾਧਾ ਕੀਤਾ ਜਾ ਰਿਹਾ ਹੈ। ਰਾਜਾ ਵੜਿੰਗ ਨੇ ਦੁਸਹਿਰੇ ਦੇ ਮੌਕੇ ਸਵੇਰੇ ਪਟਿਆਲਾ ਦੇ ਪੀਆਰਟੀਸੀ ਡਿਪੂ ਦਾ ਦੌਰਾ ਕੀਤਾ ਅਤੇ ਪੂਰੇ ਡਿੱਪੂ ਦੀ ਚੈਕਿੰਗ ਵੀ ਕੀਤੀ।
ਆਪਣੇ ਇਸ ਅਚਨਚੇਤੀ ਦੌਰੇ ਦੌਰਾਨ ਉਨ੍ਹਾਂ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਜਿਹੇ ਜਨਤਕ ਅਦਾਰਿਆਂ ਨੂੰ ਕਾਮਯਾਬ ਕਰਨ ਵਿੱਚ ਉਨ੍ਹਾਂ ਦੇ ਭਰਪੂਰ ਸਹਿਯੋਗ ਦੀ ਮੰਗ ਕੀਤੀ।
ਇਸ ਦੌਰਾਨ ਮੰਤਰੀ ਨੇ ਬੱਸ ਅੱਡੇ ’ਤੇ ਬਣੀ ਟੀ ਸਟਾਲ ’ਤੇ ਚਾਹ ਦਾ ਲੁਤਫ ਵੀ ਲਿਆ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਟਰਾਂਸਪੋਰਟ ਨੂੰ ਪਹਿਲਾਂ ਕੁਲੈਕਸ਼ਨ ਵਿੱਚ ਘਾਟਾ ਹੋ ਰਿਹਾ ਸੀ ਪਰੰਤੂ ਹੁਣ ਲਗਾਤਾਰ ਕੁਲੈਕਸ਼ਨ ਵਿੱਚ ਵਾਧਾ ਹੋ ਰਿਹਾ ਹੈ।
ਇਸ ਮੌਕੇ ਰਾਜਾ ਵੜਿੰਗ ਨੇ ਪਾਖਾਨਿਆਂ ਦੀ ਚੈਕਿੰਗ ਵੀ ਕੀਤੀ ਅਤੇ ਇਨਕੁਆਉਰੀ ਕਾਊਂਟਰ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਅਮਰਿੰਦਰ ਸਿੰਘ ਵੜਿੰਗ ਨੇ ਮੁਸਾਫਰਾਂ ਨਾਲ ਗੱਲਬਾਤ ਕਰ ਕੇ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਟੀਵੀ ਪੰਜਾਬ ਬਿਊਰੋ