ਡੈਸਕ- ਰੋਹਤਕ ਦੀ ਸੁਨਾਰੀਆ ਜੇਲ ਵਿਚ ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਹੈ। 56 ਸਾਲਾ ਸੌਦਾ ਸਾਧ ਜੇਲ ਤੋਂ ਬਾਹਰ ਆ ਕੇ 5ਵੀਂ ਵਾਰ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਵਿਚ ਰਹੇਗਾ।
ਰੋਹਤਕ ਪ੍ਰਸ਼ਾਸਨ ਨੇ ਬਾਗਪਤ ਪ੍ਰਸ਼ਾਸਨ ਤੋਂ ਡੇਰਾ ਮੁਖੀ ਦੇ ਬਰਨਾਵਾ ਆਸ਼ਰਮ ‘ਚ ਬਿਤਾਏ ਸਮੇਂ ਦੌਰਾਨ ਉਸ ਦੇ ਆਚਰਣ ਦੀ ਰੀਪੋਰਟ ਮੰਗੀ ਸੀ। ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਕਿਹਾ ਕਿ ਫਰਲੋ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਦੀ ਫਰਲੋ ਨੂੰ ਲੈ ਕੇ ਰਾਜਸਥਾਨ ਚੋਣ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ।
ਸੌਦਾ ਸਾਧ ਸ਼੍ਰੀ ਗੰਗਾਨਗਰ ਦੇ ਗੁਰੂਸਰ ਮੋਡੀਆ ਦਾ ਰਹਿਣ ਵਾਲਾ ਹੈ। ਉਸ ਦਾ ਹਰਿਆਣਾ ਨਾਲ ਲੱਗਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਚੁਰੂ ਅਤੇ ਹੋਰ ਕਈ ਜ਼ਿਲ੍ਹਿਆਂ ਵਿਚ ਕਾਫੀ ਦਬਦਬਾ ਹੈ। ਰਾਜਸਥਾਨ ‘ਚ 25 ਨਵੰਬਰ ਨੂੰ ਵੋਟਿੰਗ ਹੈ। ਇਸ ਤੋਂ 5 ਦਿਨ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਮਿਲੀ ਹੈ। ਪੰਜਾਬ ਵਿਧਾਨ ਸਭਾ ਚੋਣਾਂ, ਆਦਮਪੁਰ ਅਤੇ ਏਲਨਾਬਾਦ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੀ ਸੌਦਾ ਸਾਧ ਨੂੰ ਪੈਰੋਲ ਦਿਤੀ ਗਈ ਸੀ। ਸੌਦਾ ਸਾਧ ਕਰੀਬ 37 ਮਹੀਨਿਆਂ ‘ਚ 9ਵੀਂ ਵਾਰ ਜੇਲ ਤੋਂ ਬਾਹਰ ਆਵੇਗਾ।
ਹੁਣ ਤਕ ਕਿੰਨੀ ਵਾਰ ਜੇਲ ਤੋਂ ਬਾਅਦ ਆਇਆ ਸੌਦਾ ਸਾਧ
-24 ਅਕਤੂਬਰ 2020 ਨੂੰ 24 ਘੰਟਿਆਂ ਲਈ ਗੁਪਤ ਪੈਰੋਲ ਮਿਲੀ
– ਬੀਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ ਪੈਰੋਲ ਮਿਲੀ
-ਸਾਲ 2022 ਵਿਚ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ
-17 ਜੂਨ ਨੂੰ 30 ਦਿਨਾਂ ਲਈ ਪੈਰੋਲ ਮਿਲੀ
-15 ਅਕਤੂਬਰ ਨੂੰ 40 ਦਿਨਾਂ ਲਈ ਪੈਰੋਲ ਮਿਲੀ
-21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਮਿਲੀ
-20 ਜੁਲਾਈ ਨੂੰ 30 ਦਿਨਾਂ ਲਈ ਪੈਰੋਲ ਮਿਲੀ
-15 ਅਗਸਤ ਨੂੰ ਅਪਣੇ ਜਨਮ ਦਿਨ ਲਈ ਪੈਰੋਲ