Site icon TV Punjab | Punjabi News Channel

ਗਣਤੰਤਰ ਦਿਵਸ ‘ਤੇ ਰਾਮ ਰਹੀਮ ਨੂੰ ਮਿਲੀ ਸਪੈਸ਼ਲ ਛੋਟ, ਪੈਰੋਲ ‘ਚ ਕੀਤਾ ਗਿਆ 10 ਦਿਨ ਦਾ ਵਾਧਾ

ਡੈਸਕ- ਹਰਿਆਣਾ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਸੂਬੇ ਦੇ ਕੈਦੀਆਂ ਦੀ ਸਜ਼ਾ ਵਿਚ 30 ਤੋਂ 60 ਦਿਨ ਦੀ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਜਿਹੜੇ ਦੋਸ਼ੀਆਂ ਨੂੰ ਉਮਰ ਕੈਦ ਸਣੇ 10 ਸਾਲ ਜਾਂ ਉਸ ਤੋਂ ਵਧ ਦੀ ਸਜ਼ਾ ਸੁਣਾਈ ਗਈ ਹੈ ਉੁਨ੍ਹਾਂ ਨੂੰ 60 ਦਿਨਾਂ ਦੀ ਛੋਟ ਦਿੱਤੀ ਜਾਵੇਗੀ ਜਦੋਂਕਿ 5 ਸਾਲ ਤੋਂ ਵੱਧ ਪਰ 10 ਸਾਲ ਤੋਂ ਘੱਟ ਸਜ਼ਾ ਵਾਲੇ ਕੈਦੀਆਂ ਨੂੰ 45 ਦਿਨਾਂ ਦੀ ਰਾਹਤ ਦਿੱਤੀ ਜਾਵੇਗੀ।

ਇਸੇ ਫੈਸਲੇ ਤਹਿਤ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਵਿਚ 10 ਦਿਨਾਂ ਦਾ ਵਾਧਾ ਕੀਤਾ ਗਿਆ ਹੈ। ਰਾਮ ਰਹੀਮ ਪਹਿਲਾਂ ਹੀ 50 ਦਿਨ ਦੀ ਪੈਰੋਲ ‘ਤੇ ਬਾਹਰ ਹੈ ਤੇ ਹੁਣ ਇਸ ਨੂੰ ਵਧਾ ਕੇ 60 ਦਿਨਾਂ ਦੀ ਕਰ ਦਿੱਤਾ ਗਿਆ ਹੈ ਤੇ ਹੁਣ ਡੇਰਾ ਮੁਖੀ 2 ਮਹੀਨਿਆਂ ਲਈ ਜੇਲ੍ਹ ਤੋਂ ਬਾਹਰ ਰਹੇਗਾ। ਇਥੇ ਦੱਸਣਯੋਗ ਹੈ ਕਿ ਰਾਮ ਰਹੀਮ 20 ਜਨਵਰੀ ਨੂੰ 50 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਸੀ ।

ਦੱਸ ਦੇਈਏ ਕਿ ਇਹ ਛੋਟ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਵੀ ਦਿੱਤੀ ਜਾਵੇਗੀ ਜੋ 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਜੇਲ੍ਹ ਤੋਂ ਪੈਰੋਲ ਜਾਂ ਛੁੱਟੀ ‘ਤੇ ਹਨ। ਬਸ਼ਰਤੇ ਕਿ ਉਹ ਆਪਣੀ ਪੈਰੋਲ ਜਾਂ ਫਰਲੋ ਦੀ ਮਿਆਦ ਖਤਮ ਹੋਣ ਦੇ ਬਾਅਦ ਬਚੀ ਹੋਈ ਸਜ਼ਾ ਕੱਟਣ ਲਈ ਤੈਅ ਤਰੀਕ ‘ਤੇ ਸਬੰਧਤ ਜੇਲ੍ਹਾਂ ਵਿਚ ਆਤਮਸਮਰਪਣ ਕਰਨ। ਸੂਬਾ ਸਰਕਾਰ ਮੁਤਾਬਕ ਹਰਿਆਣਾ ਦੀਆਂ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਏ ਗਏ ਹਰਿਆਣਾ ਦੇ ਬਾਹਰ ਦੀਆਂ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਸਾਰੇ ਕੈਦੀ ਵੀ ਇਸ ਛੋਟ ਨੂੰ ਪਾਉਣ ਦੇ ਹੱਕਦਾਰ ਹੋਣਗੇ ਪਰ ਜੋ ਅਪਰਾਧੀ ਜ਼ਮਾਨਤ ‘ਤੇ ਹਨ, ਉਨ੍ਹਾਂ ਨੂੰ ਛੋਟ ਨਹੀਂ ਦਿੱਤੀ ਜਾਵੇਗੀ।

Exit mobile version