ਜੇਕਰ ਮੈਂ ਅਮਰੀਕੀ ਰਾਸ਼ਟਰਪਤੀ ਬਣਿਆ ਤਾਂ 75 ਫ਼ੀਸਦੀ ਕਰਮਚਾਰੀਆਂ ਨੂੰ ਨੌਕਰੀ ਤਾਂ ਕਰਾਂਗਾ ਲਾਂਭੇ- ਰਾਮਾਸਵਾਮੀ

Washington- ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਰੀਪਬਲਿਕਨ ਪਾਰਟੀ ਵਲੋੋਂ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਿਲ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਦਾ ਕਹਿਣਾ ਹੈ ਕਿ ਜੇਕਰ ਉਹ 2024 ਦੀਆਂ ਚੋਣਾਂ ਜਿੱਤਣ ’ਚ ਸਫ਼ਲ ਰਹਿੰਦੇ ਹਨ ਤਾਂ ਉਹ ਫੈਡਰਲ ਸਰਕਾਰ ਦੇ 75 ਫ਼ੀਸਦੀ ਤੋਂ ਵਧੇਰੇ ਕਰਮਚਾਰੀਆਂ ਨੂੰ ਬਰਖ਼ਾਸਤ ਅਤੇ ਐੱਫ. ਬੀ. ਆਈ. ਵਰਗੀਆਂ ਕਈ ਪ੍ਰਮੁੱਖ ਏਜੰਸੀਆਂ ਨੂੰ ਬੰਦ ਕਰ ਦੇਣਗੇ।
ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਨੇ ਚੋਟੀ ਦੇ ਵਿਰੋਧੀ ਤੇ ਫਲੋਰੀਡਾ ਦੇ ਗਵਰਨਰ ਰੋਨ ਡੇ ਸੈਂਟਿਸ ਵੀ ਇਹੀ ਗੱਲ ਕਹਿ ਚੁੱਕੇ ਹਨ। ਅਮਰੀਕੀ ਵੈੱਬਸਾਈਟ ‘ਐਕਸਿਓਸ’ ਨੂੰ ਦਿੱਤੇ ਇੰਟਰਵਿਊ ’ਚ ਰਾਮਾਸਵਾਮੀ ਨੇ ਕਿਹਾ, ‘‘ਉਨ੍ਹਾਂ ਦੇ ਨਿਸ਼ਾਨੇ ’ਤੇ ਸਿੱਖਿਆ ਵਿਭਾਗ, ਐੱਫ. ਬੀ. ਆਈ., ਬਿਊਰੋ ਆਫ਼ ਐਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ, ਨਿਊਕਲੀਅਰ ਰੈਗੂਲੇਟਰੀ ਕਮਿਸ਼ਨ ਆਈ. ਆਰ. ਐੱਸ. (ਇੰਟਰਨਲ ਰੈਵੇਨਿਊ ਸਰਵਿਸ) ਅਤੇ ਵਣਜ ਵਿਭਾਗ ਹੋਣਗੇ।
ਰਾਮਾਸਵਾਮੀ ਨੇ ਕਿਹਾ ਹੈ ਕਿ ਇਹ ਗੱਲ ਧਿਆਨ ’ਚ ਰੱਖਣੀ ਚਾਹੀਦੀ ਹੈ ਕਿ 30 ਫ਼ੀਸਦੀ ਕਰਮਚਾਰੀ ਅਗਲੇ ਪੰਜ ਸਾਲਾਂ ’ਚ ਸੇਵਾਮੁਕਤ ਹੋਣ ਦੇ ਕਰੀਬ ਪਹੁੰਚ ਜਾਣਗੇ। ‘ਐਕਸਿਓਸ’ ਮੁਤਾਬਕ ਰਾਮਾਸਵਾਮੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਚਾਰ ਸਾਲਾਂ ’ਚ 22 ਲੱਖ ਕਰਮਚਾਰੀਆਂ ’ਚੋਂ 75 ਫ਼ੀਸਦੀ ਨੂੰ ਹਟਾਉਣਾ ਹੈ। ਇਨ੍ਹਾਂ ’ਚੋਂ ਜੇਕਰ 75 ਫ਼ੀਸਦੀ ਹਟਾਏ ਗਏ ਤਾਂ 16 ਲੱਖ ਤੋਂ ਵੱਧ ਲੋਕਾਂ ਦੀ ਨੌਕਰੀ ਵੀ ਚਲੀ ਜਾਵੇਗੀ ਅਤੇ ਸੰਘੀ ਬਜਟ ’ਚ ਅਰਬਾਂ ਡਾਲਰ ਦੀ ਬਚਤ ਹੋਵੇਗੀ ਪਰ ਇਸ ਨਾਲ ਸਰਕਾਰ ਦੇ ਕਈ ਮਹੱਤਵਪੂਰਨ ਕੰਮ ਵੀ ਬੰਦ ਹੋ ਜਾਣਗੇ।