ਹੁਸ਼ਿਆਰਪੁਰ – ਇਕ ਪਿੰਡ ਵਿਚ ਰਹਿੰਦੇ ਪਰਵਾਸੀ ਪਰਿਵਾਰ ਦੀ 12 ਸਾਲਾਂ ਦੀ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਦੀ ਖ਼ਬਰ ਹੈ। ਇਸ ਸਬੰਧੀ ਥਾਣਾ ਸਦਰ ਪੁਲਿਸ ਨੇ ਨਾਮਲੂਮ ਵਿਅਕਤੀ ਖ਼ਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹਾਲ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸਦੀ ਵੱਡੀ ਲੜਕੀ ਦੀ ਉਮਰ 12 ਸਾਲ ਹੈ ਜੋ ਘਰ ਹੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਕਿਸੇ ਕਾਰਨ ਉਸਨੇ ਆਪਣੀ ਲੜਕੀ ਨੂੰ ਡਾਕਟਰ ਤੋਂ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਫਿਰ ਸਿਵਲ ਹਸਪਤਾਲ ਵਿਖੇ ਵਨਸਟਾਪ ਸੈਂਟਰ ਵਲੋਂ ਬਾਲ ਭਲਾਈ ਕਮੇਟੀ ਨੂੰ ਇਤਲਾਹ ਦਿੱਤੀ, ਪਰ ਉਸਦੀ ਲੜਕੀ ਨੇ ਆਪਣੇ ਬਿਆਨ ਵਿਚ ਇਸ ਘਟਨਾ ਸਬੰਧੀ ਕੁਝ ਨਹੀਂ ਲ਼ਿਖਾਇਆ ਕਿਉਂਕਿ ਉਸਦੀ ਲੜਕੀ ਜਮਾਂਦਰੂ ਦਿਮਾਗੀ ਤੌਰ ‘ਤੇ ਕਮਜ਼ੋਰ ਅਤੇ ਬੋਲਦੀ-ਚਾਲਦੀ ਘੱਟ ਹੈ। ਲੰਘੀ 9 ਨਵੰਬਰ ਦੀ ਰਾਤ ਨੂੰ ਉਸਦੀ ਲੜਕੀ ਦੇ ਪੇਟ ਵਿਚ ਦਰਦ ਹੋਇਆ ਜਿਸ ‘ਤੇ ਉਹ ਸਮੇਤ ਦੇਵਰ ਤੇ ਸੱਸ ਦੇ ਸਿਵਲ ਹਸਪਤਾਲ ਗਈ। ਜਿੱਥੇ ਉਸਦੀ ਲੜਕੀ ਨੇ ਇਕ ਲੜਕੇ ਨੂੰ ਜਨਮ ਦਿਤਾ। ਉਸਦੀ ਲੜਕੀ ਦੀ ਸਿਹਤ ਜ਼ਿਆਦਾ ਖਰਾਬ ਹੋਣ ‘ਤੇ ਉਸਨੂੰ ਹੋਰ ਹਸਪਤਾਲ ਰੈਫਰ ਕਰ ਦਿੱਤਾ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ ਨੂੰ ਨਾ-ਮਲੂਮ ਵੱਲੋਂ ਜਬਰ ਜਨਾਹ ਕਰ ਕੇ ਗਰਭਵਤੀ ਕੀਤਾ ਗਿਆ।