ਕੋਹਲੀ-ਰੋਹਿਤ ਤੋਂ ਬਾਅਦ ਰਵਿੰਦਰ ਜਡੇਜਾ ਦਾ ਵੀ ਸੰਨਿਆਸ, ਟੀਮ ਇੰਡੀਆ ਲਈ ਨਹੀਂ ਖੇਡਣਗੇ ਟੀ-20 ਇੰਟਰਨੈਸ਼ਨਲ

ਡੈਸਕ- ਟੀਮ ਇੰਡੀਆ ਦੇ ਟੀ-20 ਵਿਸ਼ਵ ਚੈਂਪੀਅਨ ਬਣਨ ਦੇ ਨਾਲ ਹੀ ਉਹ ਦੌਰ ਸ਼ੁਰੂ ਹੋ ਗਿਆ ਜਿਸ ਤੋਂ ਪ੍ਰਸ਼ੰਸਕ ਡਰਦੇ ਸਨ। ਇਕ ਤੋਂ ਬਾਅਦ ਇਕ ਸੀਨੀਅਰ ਖਿਡਾਰੀ ਨੇ ਆਪਣੇ ਸੰਨਿਆਸ ਦਾ ਐਲਾਨ ਕੀਤਾ। ਫਾਈਨਲ ਦੇ ਸਟਾਰ ਵਿਰਾਟ ਕੋਹਲੀ ਨੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਵੀ ਇਸ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ। ਹੁਣ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਇਸ ਫਾਰਮੈਟ ‘ਚ ਬਲੂ ਜਰਸੀ ਨੂੰ ਹਮੇਸ਼ਾ ਲਈ ਛੱਡਣ ਦਾ ਐਲਾਨ ਕਰ ਦਿੱਤਾ ਹੈ। ਜਡੇਜਾ ਨੇ ਟੀਮ ਇੰਡੀਆ ਦੀ ਜਿੱਤ ਦੇ ਇਕ ਦਿਨ ਬਾਅਦ ਐਤਵਾਰ 30 ਜੂਨ ਨੂੰ ਸੰਨਿਆਸ ਲੈਣ ਦਾ ਐਲਾਨ ਕੀਤਾ।

ਰਵਿੰਦਰ ਜਡੇਜਾ ਨੇ ਟੀਮ ਇੰਡੀਆ ਦੀ ਜਿੱਤ ਦੇ ਕੁਝ ਘੰਟਿਆਂ ਬਾਅਦ ਇੰਸਟਾਗ੍ਰਾਮ ‘ਤੇ ਇਕ ਭਾਵਨਾਤਮਕ ਪੋਸਟ ਦੇ ਨਾਲ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਪਰ ਵਨਡੇ ਅਤੇ ਟੈਸਟ ‘ਚ ਟੀਮ ਇੰਡੀਆ ਲਈ ਆਪਣੀ ਮਜ਼ਬੂਤ ​​ਖੇਡ ਦਾ ਪ੍ਰਦਰਸ਼ਨ ਜਾਰੀ ਰੱਖਣ ਦਾ ਭਰੋਸਾ ਦਿੱਤਾ। ਜਡੇਜਾ ਨੇ ਆਪਣੀ ਪੋਸਟ ‘ਚ ਲਿਖਿਆ ਕਿ ਵਿਸ਼ਵ ਕੱਪ ਜਿੱਤਣਾ ਉਨ੍ਹਾਂ ਦੇ ਟੀ-20 ਕਰੀਅਰ ਦਾ ਸਭ ਤੋਂ ਵੱਡਾ ਮੀਲ ਪੱਥਰ ਸੀ। ਜਡੇਜਾ ਨੇ ਕਿਹਾ ਕਿ ਉਹ ਖੁਸ਼ੀ ਨਾਲ ਭਰੇ ਮਨ ਨਾਲ ਟੀ-20 ਇੰਟਰਨੈਸ਼ਨਲ ਛੱਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਦੇਸ਼ ਲਈ ਆਪਣਾ ਸਰਵੋਤਮ ਯੋਗਦਾਨ ਦਿੰਦਾ ਰਹੇ ਅਤੇ ਹੋਰ ਫਾਰਮੈਟਾਂ ‘ਚ ਵੀ ਅਜਿਹਾ ਕਰਦਾ ਰਹਿਣਗੇ।

ਰਵਿੰਦਰ ਜਡੇਜਾ ਨੇ ਇਸ ਵਿਸ਼ਵ ਕੱਪ ‘ਚ ਟੀਮ ਇੰਡੀਆ ਲਈ ਸਾਰੇ 8 ਮੈਚ ਖੇਡੇ। ਹਾਲਾਂਕਿ ਇਹ ਟੂਰਨਾਮੈਂਟ ਉਨ੍ਹਾਂ ਲਈ ਬਹੁਤਾ ਫਲਦਾਇਕ ਸਾਬਤ ਨਹੀਂ ਹੋਇਆ ਅਤੇ ਨਾ ਹੀ ਉਹ ਬੱਲੇ ਨਾਲ ਕੁਝ ਕਮਾਲ ਦਿਖਾ ਸਕੇ ਅਤੇ ਨਾ ਹੀ ਗੇਂਦਬਾਜ਼ੀ ‘ਚ ਕੋਈ ਪ੍ਰਭਾਵ ਪਾ ਸਕੇ। ਉਨ੍ਹਾਂ ਨੂੰ ਟੂਰਨਾਮੈਂਟ ਦੀਆਂ 7 ਪਾਰੀਆਂ ਵਿੱਚ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ ਪਰ ਉਹ ਸਿਰਫ਼ 1 ਵਿਕਟ ਹੀ ਲੈ ਸਕੇ। ਉੱਥੇ ਹੀ 5 ਪਾਰੀਆਂ ਵਿਚ ਉਨ੍ਹਾਂ ਦੇ ਬੱਲੇ ਤੋਂ ਸਿਰਫ 35 ਦੌੜਾਂ ਆਈਆਂ। ਫੀਲਡਿੰਗ ‘ਚ ਉਨ੍ਹਾਂ ਦਾ ਜਾਦੂ ਯਕੀਨੀ ਤੌਰ ‘ਤੇ ਜਾਰੀ ਰਿਹਾ, ਜਿੱਥੇ ਉਨ੍ਹਾਂ ਨੇ ਕਈ ਦੌੜਾਂ ਰੋਕੀਆਂ।

ਜਡੇਜਾ ਨੇ ਫਰਵਰੀ 2009 ਵਿੱਚ ਸ਼੍ਰੀਲੰਕਾ ਦੌਰੇ ਦੌਰਾਨ ਟੀਮ ਇੰਡੀਆ ਲਈ ਇਸ ਫਾਰਮੈਟ ਵਿੱਚ ਆਪਣਾ ਡੈਬਿਊ ਕੀਤਾ ਸੀ। ਉਦੋਂ ਤੋਂ, ਉਹ ਲਗਭਗ ਹਰ ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦਾ ਹਿੱਸਾ ਰਹੇ। ਉਹ ਸੱਟ ਕਾਰਨ ਆਸਟ੍ਰੇਲੀਆ ‘ਚ ਖੇਡੇ ਗਏ ਆਖਰੀ ਟੀ-20 ਵਿਸ਼ਵ ਕੱਪ ‘ਚ ਹਿੱਸਾ ਨਹੀਂ ਲੈ ਸਕੇ ਸਨ। ਆਪਣੇ ਕਰੀਅਰ ‘ਚ ਜਡੇਜਾ ਨੇ ਟੀਮ ਇੰਡੀਆ ਲਈ 74 ਮੈਚ ਖੇਡੇ, ਜਿਸ ‘ਚ ਉਨ੍ਹਾਂ ਨੇ 21 ਦੀ ਔਸਤ ਨਾਲ 515 ਦੌੜਾਂ ਅਤੇ 29.85 ਦੀ ਔਸਤ ਨਾਲ 54 ਵਿਕਟਾਂ ਲਈਆਂ।