ਡੈਸਕ- ਜਲਦ ਹੀ ਪੰਜਾਬ ਭਾਜਪਾ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ। ਸੂਤਰਾਂ ਮੁਤਾਬਕ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਪੰਜਾਬ ਭਾਜਪਾ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਦਰਅਸਲ ਕੁੱਝ ਕੁ ਸਮਾਂ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਆਈਆਂ ਸਨ। ਜਿਨ੍ਹਾਂ ਦਾ ਭਾਜਪਾ ਵੱਲੋਂ ਖੰਡਨ ਕਰ ਦਿੱਤਾ ਗਿਆ ਸੀ।
ਹਾਲਾਂਕਿ ਭਾਜਪਾ ਨਾਲ ਜੁੜੀ ਸੂਤਰਾਂ ਅਨੁਸਾਰ ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਤੋਂ ਬਾਅਦ ਪੰਜਾਬ ਭਾਜਪਾ ਦੇ ਲੀਡਰ ਉਹਨਾਂ ਨਾਲ ਨਰਾਜ਼ ਚੱਲ ਰਹੇ ਹਨ। ਜਿਨ੍ਹਾਂ ਨੇ ਹਾਈਕਮਾਨ ਨੂੰ ਸੁਨੇਹਾ ਭੇਜਿਆ ਹੈ ਕਿ ਸੁਨੀਲ ਜਾਖੜ ਨੂੰ ਹੁਣ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਅਜਿਹੀ ਸਥਿਤੀ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਜਾਖੜ ਦੀ ਥਾਂ ਰਵਨੀਤ ਬਿੱਟੂ ਨੂੰ ਜਿੰਮੇਵਾਰੀ ਮਿਲ ਸਕਦੀ ਹੈ।
ਭਾਜਪਾ ਦੇ ਸੰਗਠਨ ਵਿੱਚੋਂ ਹੋਵੇਗਾ ਨਵਾਂ ਪ੍ਰਧਾਨ- ਹਰਜੀਤ ਗਰੇਵਾਲ
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਨਵੇਂ ਪ੍ਰਧਾਨ ਬਾਰੇ ਕੇਂਦਰੀ ਲੀਡਰਸ਼ਿਪ ਬੜਾ ਸੋਚ ਸਮਝਕੇ ਫੈਸਲਾ ਲਵੇਗੀ। ਪਰ ਜਦੋਂ ਤੱਕ ਜਾਖੜ ਪ੍ਰਧਾਨ ਰਹਿਣਗੇ ਤਾਂ ਉਹ ਉਹਨਾਂ ਨਾਲ ਮਿਲਕੇ ਕੰਮ ਕਰਨਗੇ। ਹਰਜੀਤ ਗਰੇਵਾਲ ਨੇ ਦਾਅਵਾ ਕੀਤਾ ਕਿ ਜਾਖੜ ਭਾਜਪਾ ਦੇ ਨਾਲ ਹੀ ਰਹਿਣਗੇ। ਉਹਨਾਂ ਕਿਹਾ ਕਿ ਪ੍ਰਧਾਨ ਬਾਰੇ ਕਈ ਵਾਰ ਵਰਕਰ ਜਲਦਬਾਜ਼ੀ ਕਰ ਜਾਂਦੇ ਹਨ।