Phoenix- ਅਮਰੀਕਾ ਦੇ ਅਰੀਜ਼ੋਨਾ ਸੂਬੇ ਦੇ ਫੀਨਿਕਸ ਸ਼ਹਿਰ ’ਚ ਗਰਮੀ ਨੇ ਪਿਛਲੇ 49 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਫੀਨਿਕਸ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦਾ ਸਭ ਤੋਂ ਗਰਮ ਸ਼ਹਿਰ ਬਣਿਆ ਹੋਇਆ ਹੈ ਅਤੇ ਗਰਮੀ ਕਾਰਨ ਸਥਾਨਕ ਲੋਕ ਹਾਲੋਂ-ਬੇਹਾਲ ਹਨ। ਮੌਸਮ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਇੱਥੇ 48 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇੰਨਾ ਪਾਰਾ ਇਤਿਹਾਸ ’ਚ ਸਿਰਫ਼ ਸੱਤ ਵਾਰ ਵੀ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਲਗਾਤਾਰ ਚੌਥੇ ਦਿਨ ਤਾਪਮਾਨ ਦਾ ਨਵਾਂ ਰਿਕਾਰਡ ਦਰਜ ਕੀਤਾ ਹੈ। ਇੰਨਾ ਹੀ ਨਹੀਂ ਇਸ ਹਫ਼ਤੇ ਦਾ ਹਰ ਦਿਨ ਪਿਛਲੇ ਦਿਨਾਂ ਦੀ ਤੁਲਨਾ ’ਚ ਵੱਧ ਗਰਮ ਦਰਜ ਕੀਤਾ ਗਿਆ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇੰਨੀ ਗਰਮੀ ਪਹਿਲਾਂ ਕਦੇ ਵੀ ਨਹੀਂ ਝੱਲੀ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 20 ਦਿਨਾਂ ਤੋਂ ਉਨ੍ਹਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਰਾਤ ਨੂੰ ਤਾਮਪਾਨ 32 ਡਿਗਰੀ ਸੈਲਸੀਅਸ ਤੋਂ ਹੇਠਾਂ ਨਹੀਂ ਜਾ ਰਿਹਾ ਹੈ। ਦੱਸ ਦਈਏ ਕਿ ਮੌਮਸ ਦੇ ਅਜਿਹੇ ਮਿਜਾਜ਼ ਦੇ ਚੱਲਦਿਆਂ ਸ਼ਹਿਰ ਦੀਆਂ ਸੜਕਾਂ ’ਤੇ ਲੋਕਾਂ ਦੀ ਘੱਟ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕ ਘਰਾਂ ’ਚੋਂ ਨਿਕਲਣ ਤੋਂ ਪਰਹੇਜ਼ ਹੀ ਕਰ ਰਹੇ ਹਨ।