ਜੰਮੂ-ਕਸ਼ਮੀਰ ਦੀ ਬਾਰਾਮੂਲਾ ਸੀਟ ‘ਤੇ ਇਤਿਹਾਸਕ ਵੋਟਿੰਗ, ਟੁੱਟਿਆ 40 ਸਾਲ ਪੁਰਾਣਾ ਰਿਕਾਰਡ

ਡੈਸਕ- ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਵੋਟਿੰਗ ਮੁਕੰਮਲ ਹੋ ਗਈ ਹੈ। 8 ਰਾਜਾਂ ਦੀਆਂ 49 ਸੀਟਾਂ ‘ਤੇ ਕਰੀਬ 57.47 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਸ ਪੜਾਅ ‘ਚ ਕਈ ਸੀਟਾਂ ‘ਤੇ ਇਤਿਹਾਸਕ ਵੋਟਿੰਗ ਵੀ ਦਰਜ ਕੀਤੀ ਗਈ ਹੈ। ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਵੋਟਿੰਗ ਦਾ 40 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਸ਼ਾਮ 5 ਵਜੇ ਤੱਕ ਬਾਰਾਮੂਲਾ ‘ਚ 54.21 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਹਾਲਾਂਕਿ ਅੰਤਿਮ ਅੰਕੜੇ ਅਜੇ ਸਾਹਮਣੇ ਨਹੀਂ ਆਏ ਹਨ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਬਾਰਾਮੂਲਾ ‘ਚ ਵੋਟਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਚੋਣ ਕਮਿਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਸ਼੍ਰੀਨਗਰ ਹਲਕੇ ‘ਚ ਰਿਕਾਰਡ 38.49 ਫੀਸਦੀ ਵੋਟਿੰਗ ਤੋਂ ਬਾਅਦ ਬਾਰਾਮੂਲਾ ਹੁਣ ਪਿਛਲੀਆਂ 8 ਲੋਕ ਸਭਾ ਚੋਣਾਂ ‘ਚ ਸਭ ਤੋਂ ਵੱਧ ਮਤਦਾਨ ਵੱਲ ਵਧ ਰਿਹਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਬਾਰਾਮੂਲਾ, ਕੁਪਵਾੜਾ, ਬਾਂਦੀਪੋਰਾ ਅਤੇ ਬਡਗਾਮ ਜ਼ਿਲਿਆਂ ‘ਚ ਸ਼ਾਮ 5 ਵਜੇ ਤੱਕ 54.21 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਵਾਰ ਬਾਰਾਮੂਲਾ ਸੰਸਦੀ ਹਲਕੇ ਵਿੱਚ 2103 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਸਾਰੇ ਕੇਂਦਰਾਂ ‘ਤੇ ਸਵੇਰੇ 7 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਗਈ ਅਤੇ ਸਾਰਾ ਦਿਨ ਵੋਟਰ ਪੋਲਿੰਗ ਬੂਥਾਂ ‘ਤੇ ਆਉਂਦੇ-ਜਾਂਦੇ ਰਹੇ। ਕਈ ਥਾਵਾਂ ‘ਤੇ ਲੰਬੀਆਂ ਲਾਈਨਾਂ ਵੀ ਦੇਖਣ ਨੂੰ ਮਿਲੀਆਂ।

2019 ‘ਚ ਬਾਰਾਮੂਲਾ ਲੋਕ ਸਭਾ ਸੀਟ ‘ਤੇ 34.6 ਫੀਸਦੀ ਵੋਟਿੰਗ ਹੋਈ ਸੀ, ਫਿਰ ਕੁਝ ਮਹੀਨਿਆਂ ਬਾਅਦ ਯਾਨੀ 5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰ ਦਿੱਤਾ। ਇਸ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਹਿੱਸਿਆਂ ਵਿੱਚ ਵੰਡੇ ਗਏ। ਇਸ ਸਮੇਂ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ ਹਨ। ਇਸ ਦੇ ਨਾਲ ਹੀ 1989 ਦੀਆਂ ਲੋਕ ਸਭਾ ਚੋਣਾਂ ‘ਚ ਬਾਰਾਮੂਲਾ ਸੀਟ ‘ਤੇ ਸਿਰਫ 5.48 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।

ਇਸ ਵਾਰ ਬਾਰਾਮੂਲਾ ਸੀਟ ਤੋਂ 22 ਉਮੀਦਵਾਰ ਮੈਦਾਨ ਵਿੱਚ ਹਨ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਤੋਂ ਇਲਾਵਾ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਗਨੀ ਲੋਨ ਵੀ ਚੋਣ ਮੈਦਾਨ ਵਿੱਚ ਹਨ। ਸ਼ੇਖ ਅਬਦੁਲ ਰਸ਼ੀਦ ਉਰਫ਼ ਇੰਜੀਨੀਅਰ ਰਸ਼ੀਦ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਰਾਸ਼ਿਦ ਫਿਲਹਾਲ ਜੇਲ ‘ਚ ਹੈ।

ਇਸ ਤੋਂ ਪਹਿਲਾਂ ਚੌਥੇ ਪੜਾਅ ਦੀਆਂ ਚੋਣਾਂ ‘ਚ ਸ਼੍ਰੀਨਗਰ ਸੀਟ ‘ਤੇ 38.49 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ, ਜੋ 1996 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਇਹ ਪਹਿਲੀਆਂ ਆਮ ਚੋਣਾਂ ਹਨ। ਪਹਿਲੀਆਂ ਆਮ ਚੋਣਾਂ ਵਿੱਚ ਬੰਪਰ ਵੋਟਿੰਗ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਲਈ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ।