ਡੈਸਕ- ਮਈ ਮਹੀਨੇ ਚ ਬਰਸਾਤ ਅਤੇ ਠੰਡ ਨੇ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਿਕ ਅੱਜ ਤੋਂ 53 ਸਾਲ ਪਹਿਲਾਂ ਮਈ ਮਹੀਨੇ ਚ ਫਰਵਰੀ ਵਾਲਾ ਅਹਿਸਾਸ ਹੋਇਆ ਸੀ । ਉਸਤੋਂ ਬਾਅਦ ਹੁਣ ਇਹ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ । ਜੇਕਰ ਬਰਸਾਤ ਦੀ ਗੱਲ ਕਰੀਏ ਤਾਂ ਇਸਨੇ ਪਿਛਲੇ 11 ਸਾਲਾਂ ਦਾ ਰਿਕਾਰਡ ਤੋੜਿਆ ਹੈ । ਪੰਜਾਬ ਚ ਯੈਲੋ ਅਲਰਟ ਕਰ ਦਿੱਤਾ ਗਿਆ ਹੈ ।
ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਵੀਰਵਾਰ ਨੂੰ ਉੱਤਰ-ਪੱਛਮੀ ਭਾਰਤ ਵਿੱਚ ਗਰਜ ਨਾਲ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਲਈ ਪੰਜਾਬ, ਦਿੱਲੀ ਅਤੇ ਬੈਂਗਲੁਰੂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਈਐਮਡੀ ਦੇ ਅਨੁਸਾਰ ਕਰਨਾਟਕ ਵਿੱਚ 4 ਜੂਨ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਬੈਂਗਲੁਰੂ ਸਮੇਤ ਅੱਠ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਤੇ ਹਰਿਆਣਾ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਕਮੀ ਆਈ ਹੈ। ਇਸ ਵਾਰ ਮਈ ਮਹੀਨੇ ਪਏ ਮੀਂਹ ਨੇ ਪਿਛਲੇ 11 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਪਿਛਲੇ 11 ਸਾਲਾਂ ਦੇ ਮੁਕਾਬਲੇ 161 ਫ਼ੀਸਦੀ ਵੱਧ ਮੀਂਹ ਪਿਆ ਹੈ, ਜਿਸ ਕਰ ਕੇ ਜੇਠ ਮਹੀਨੇ ਵਿਚ ਤਾਪਮਾਨ ਆਮ ਨਾਲੋਂ ਵੀ ਹੇਠਾਂ ਰਿਹਾ ਹੈ। ਮੌਸਮ ਵਿਭਾਗ ਨੇ ਸੂਬੇ ’ਚ ਅਗਲੇ 24 ਘੰਟੇ ਵੀ ਮੀਂਹ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਇਸ ਸਾਲ ਸੂਬੇ ਵਿਚ 1 ਤੋਂ 31 ਮਈ ਤੱਕ ਔਸਤਨ 45.2 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਸ ਸਾਲ ਵੱਧ ਮੀਂਹ ਪੈਣ ਦਾ ਕਾਰਨ ਵਾਤਾਵਰਨ ’ਚ ਪੱਛਮੀ ਵਿਗਾੜ ਹੈ। ਮੀਂਹ ਨਾਲ ਸੂਬੇ ਦਾ ਤਾਪਮਾਨ ਆਮ ਨਾਲੋਂ 13 ਤੋਂ 15 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਏਜੰਸੀ ਨੇ ਇਹ ਵੀ ਕਿਹਾ ਕਿ ਇੱਕ ਹੋਰ ਪੱਛਮੀ ਗੜਬੜੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਸਮੇਤ ਭਾਰਤ ਦੇ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਰਾਜਧਾਨੀ ਦਿੱਲੀ ਵਿਚ ਪਿਛਲੇ 36 ਸਾਲਾਂ ਵਿਚ ਮਈ ਦਾ ਮਹੀਨਾ ਸਭ ਤੋਂ ਠੰਢਾ ਰਿਹਾ। ਆਈਐਮਡੀ ਨੇ ਬੁੱਧਵਾਰ ਨੂੰ ਕਿਹਾ ਕਿ ਮਈ ਵਿੱਚ ਸਭ ਤੋਂ ਵੱਧ ਮੀਂਹ ਪੈਣ ਕਾਰਨ ਔਸਤ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਮਈ 1987 ਵਿੱਚ ਦਿੱਲੀ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।