ਮੁੰਬਈ- ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੀ ਸਾਲਾਨਾ ਮੀਟਿੰਗ ਵਿੱਚ ਅੱਜ ਕਈ ਵੱਡੇ ਐਲਾਨ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਆਖਰੀ ਏ.ਜੀ.ਐਮ. ਚ ਘੋਸ਼ਿਤ ਕੀਤੇ ਗਏ ਜੀਓ-ਗੂਗਲ 4 ਜੀ ਸਮਾਰਟਫੋਨ ਨੂੰ ਅੱਜ ਲਾਂਚ ਕੀਤਾ ਜਾ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਸਮਾਰਟਫੋਨ ਚਰਚਾ ਵਿਚ ਹੈ। ਇਹ ਭਾਰਤ ਦਾ ਸਭ ਤੋਂ ਸਸਤਾ 4 ਜੀ ਸਮਾਰਟਫੋਨ ਵੀ ਹੋ ਸਕਦਾ ਹੈ।
ਕੰਪਨੀ ਦੀ ਇਹ ਮੀਟਿੰਗ ਦੁਪਹਿਰ 2 ਵਜੇ ਸ਼ੁਰੂ ਹੋ ਜਾਵੇਗੀ। ਤੁਸੀਂ ਇਸਨੂੰ ਆਨਲਾਈਨ ਪਲੇਟਫਾਰਮ ਤੇ ਵੇਖ ਸਕਦੇ ਹੋ । ਇਹ ਕੰਪਨੀ ਦੇ ਅਧਿਕਾਰਤ ਯੂਟਿਊਬ ਚੈਨਲ ਦਿ ਫਲੇਮ ਆਫ਼ ਟਰੂਥ ‘ਤੇ ਵੀ ਦੇਖੀ ਜਾ ਸਕਦੀ ਹੈ।
ਸੱਚਾਈ ਇਹ ਹੈ ਕਿ ਗੂਗਲ ਨੇ ਪਿਛਲੇ ਸਾਲ ਜਿਓ ਵਿੱਚ 4.5 ਬਿਲੀਅਨ ਡਾਲਰ (ਲਗਭਗ 33 ਹਜ਼ਾਰ 600 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਇਸ ਵਿਚੋਂ ਕੁਝ ਰਕਮ ਦੀ ਵਰਤੋਂ ਜੀਓ ਬਹੁਤ ਸਸਤੇ ਸਮਾਰਟਫੋਨ ਬਣਾਉਣ ਲਈ ਕਰ ਰਹੀ ਹੈ । ਇਸਦੇ ਨਾਲ ਜੀਓ ਅਤੇ ਗੂਗਲ ਦੇਸ਼ ਵਿੱਚ ਹੋਰ ਮੁਕਾਬਲੇਬਾਜ਼ ਕੰਪਨੀਆਂ ਲਈ ਮੁਸ਼ਕਲ ਖੜ੍ਹੀ ਕਰ ਸਕਦੀਆਂ ਹਨ ਅਤੇ ਭਾਰਤੀ ਬਾਜ਼ਾਰ ਉੱਤੇ ਕਬਜ਼ਾ ਹਾਸਲ ਕਰ ਸਕਦੇ ਹਨ।
ਰਿਸਰਚ ਫਰਮ ਕੈਨਾਲਿਸ ਦੇ ਮੁਤਾਬਿਕ ਚੀਨੀ ਕੰਪਨੀਆਂ ਵਲੋਂ ਭਾਰਤ ਵਿੱਚ ਵੇਚੇ ਗਏ ਸਮਾਰਟਫੋਨ ਦੀ ਹਿੱਸੇਦਾਰੀ 70 ਫੀਸਦੀ ਤੋਂ ਵੀ ਵੱਧ ਹੈ। ਅਜਿਹੀ ਸਥਿਤੀ ਵਿੱਚ ਜਿਓ ਅਤੇ ਗੂਗਲ ਦਾ ਸਸਤਾ 4 ਜੀ ਸਮਾਰਟਫੋਨ ਚੀਨੀ ਕੰਪਨੀਆਂ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ।
ਕਾਊਂਟਰ ਪੁਆਇੰਟ ਵੱਲੋਂ ਕੀਤੀ ਗਈ ਰਿਸਰਚ ਮੁਤਾਬਕ ਭਾਰਤ ਵਿਚ ਲਗਭਗ 45 ਕਰੋੜ ਲੋਕਾਂ ਦੇ ਕੋਲ ਸਮਾਰਟਫੋਨ ਹਨ। ਇਸ ਦੇ ਨਾਲ ਹੀ ਲਗਭਗ 50 ਕਰੋੜ ਲੋਕ ਅਜੇ ਵੀ ਸਮਾਰਟਫੋਨ ਤੋਂ ਵਾਂਝੇ ਹਨ। ਅਜਿਹੀ ਸਥਿਤੀ ਵਿੱਚ ਰਿਲਾਇੰਸ-ਗੂਗਲ ਇਨ੍ਹਾਂ ਉਪਭੋਗਤਾਵਾਂ ਨੂੰ ਟਾਰਗੇਟ ਬਣਾਉਣ ਜਾ ਰਹੇ ਹਨ। ਕਾਊਂਟਰ ਪੁਆਇੰਟ ਰਿਸਰਚ ਅਤੇ ਆਈਡੀਸੀ ਨੇ ਕਿਹਾ ਸੀ ਕਿ ਦੋਵੇਂ ਕੰਪਨੀਆਂ ਨੂੰ 4000-5000 ਦੀ ਕੀਮਤ ਵਾਲਾ ਸਮਾਰਟਫੋਨ ਲਿਆ ਸਕਦੀਆਂ ਹਨ ।
ਇਸਦੇ ਨਾਲ ਨਾਲ ਕੰਪਨੀ ਦੇਸ਼ ਦੇ ਸਭ ਤੋਂ ਸਸਤੇ 5 ਜੀ ਸਮਾਰਟਫੋਨ ਨੂੰ 4 ਜੀ ਦੇ ਨਾਲ ਹੀ ਲਾਂਚ ਕਰ ਸਕਦੀ ਹੈ। ਕੁਝ ਪੁਰਾਣੀਆਂ ਰਿਪੋਰਟਾਂ ਵਿਚ, ਇਹ ਦਾਅਵਾ ਕੀਤਾ ਗਿਆ ਸੀ ਕਿ ਜਿਓ 5 ਜੀ ਫੋਨ ਦੀ ਕੀਮਤ 2500 ਰੁਪਏ ਤੱਕ ਹੋ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦੇਸ਼ ਦੇ ਲੱਖਾਂ ਉਪਭੋਗਤਾ 5 ਜੀ ਵਿੱਚ ਤਬਦੀਲ ਹੋ ਸਕਦੇ ਹਨ।
ਕੰਪਨੀ ਇਸ ਸਾਲ ਆਪਣੀਆਂ 5 ਜੀ ਸੇਵਾਵਾਂ ਰੋਲਆਊਟ ਕਰ ਸਕਦੀ ਹੈ। ਇਹ ਪਹਿਲਾਂ ਹੀ 5 ਜੀ ਟਰਾਇਲਾਂ ਵਿਚ 1 ਜੀਬੀਪੀਐਸ ਦੀ ਗਤੀ ਪ੍ਰਾਪਤ ਕਰ ਚੁੱਕੀ ਹੈ।
ਟੀਵੀ ਪੰਜਾਬ ਬਿਊਰੋ