ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ, ਸਵਾਰੀਆਂ ਹੋਈਆਂ ਖੱਜਲ

ਜਲੰਧਰ – ਪਿਛਲੇ 22 ਘੰਟਿਆਂ ਤੋਂ ਸੂਬੇ ‘ਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਲਗਭਗ ਬੰਦ ਸੀ ਪਰ ਹੁਣ ਪਰੇਸ਼ਾਨੀ ਵਧਦੀ ਜਾ ਰਹੀ ਹੈ। ਹੁਣ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਵੀ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤਕ 2 ਘੰਟੇ ਲਈ ਬੰਦ ਰੱਖੇ ਜਾ ਰਹੇ ਹਨ । ਬੱਸ ਸਟੈਂਡ ਬੰਦ ਹੋਣ ਕਾਰਨ ਸਰਕਾਰੀ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਵੀ ਬੱਸ ਸਟੈਂਡ ਦੇ ਅੰਦਰ ਨਹੀਂ ਜਾ ਰਹੀਆਂ ਤੇ ਸਵਾਰੀਆਂ ਨੂੰ ਬੱਸ ਲੈਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਦੂਜੇ ਪਾਸੇ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦੇ ਅੰਦਰ ਬੱਸਾਂ ਦੀਆਂ ਕਤਾਰਾਂ ਲੱਗ ਗਈਆਂ ਹਨ, ਜਿਹੜੀਆਂ ਬੱਸਾਂ ਦੂਜੇ ਸੂਬਿਆਂ ਨੂੰ ਗਈਆਂ ਸਨ, ਉਹ ਵੀ ਵਾਪਸ ਆ ਗਈਆਂ ਹਨ ਤੇ ਵਰਕਸ਼ਾਪ ‘ਚ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਵਰਕਸ਼ਾਪ ਦੇ ਅੰਦਰ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਤੇ ਕਿਸੇ ਵੀ ਬੱਸ ਨੂੰ ਆਪਣੀ ਮੰਜ਼ਿਲ ਵੱਲ ਨਹੀਂ ਜਾਣ ਦੇ ਰਹੇ।

ਪੰਜਾਬ ਰੋਡਵੇਜ਼ ਜਲੰਧਰ ਦੇ ਇਕ ਡਿਪੂ ਨੇੜੇ 100 ਤੋਂ ਵੱਧ ਬੱਸਾਂ ਹਨ ਪਰ ਸਵੇਰ ਤੋਂ ਹੀ ਪੰਜਾਬ ਰੋਡਵੇਜ਼ ਦੀਆਂ ਸਿਰਫ਼ 3 ਬੱਸਾਂ ਹੀ ਪੱਕੇ ਮੁਲਾਜ਼ਮਾਂ ਨਾਲ ਰੂਟ ‘ਤੇ ਰਵਾਨਾ ਹੋ ਸਕੀਆਂ।ਏਅਰਪੋਰਟ ਨੂੰ ਜਾਣ ਵਾਲੀ ਰੋਡਵੇਜ਼ ਏਅਰਪੋਰਟ ਵੋਲਵੋ ਐਕਸਪ੍ਰੈਸ ਨੂੰ ਵੀ ਰਵਾਨਾ ਨਹੀਂ ਕੀਤਾ ਗਿਆ ਹੈ।