Happy Birthday Rani Mukerji: ਆਪਣੀ ਸ਼ਾਨਦਾਰ ਅਦਾਕਾਰੀ, ਆਵਾਜ਼ ਅਤੇ ਆਪਣੀ ਖੂਬਸੂਰਤੀ ਨਾਲ ਸਾਲਾਂ ਤੱਕ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਅਭਿਨੇਤਰੀ ਰਾਣੀ ਮੁਖਰਜੀ 21 ਮਾਰਚ ਨੂੰ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਰਾਣੀ ਨੇ ਆਪਣੇ ਕਰੀਅਰ ‘ਚ ਇਕ ਤੋਂ ਵੱਧ ਕੇ ਇਕ ਫਿਲਮਾਂ ਕੀਤੀਆਂ ਹਨ, ਕਦੇ ਨੂੰਹ ਬਣ ਕੇ ਤੇ ਕਦੇ ਮਰਦ ਦਾ ਕਿਰਦਾਰ ਨਿਭਾ ਕੇ। ਰਾਣੀ ਮੁਖਰਜੀ ਵੀ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ, ਜਿਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਹਿੱਟ ਹੋਈਆਂ ਹਨ, ਉਨ੍ਹਾਂ ਨੇ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਰਾਣੀ ਮੁਖਰਜੀ ਵੀ ਸਟਾਰ ਕਿਡ ਰਹਿ ਚੁੱਕੀ ਹੈ। ਉਸਦੇ ਪਿਤਾ ਰਾਮ ਮੁਖਰਜੀ ਇੱਕ ਮਸ਼ਹੂਰ ਨਿਰਦੇਸ਼ਕ ਸਨ ਜਦੋਂ ਕਿ ਉਸਦੀ ਮਾਂ ਕ੍ਰਿਸ਼ਨਾ ਮੁਖਰਜੀ ਇੱਕ ਪਲੇਬੈਕ ਗਾਇਕਾ ਸੀ। ਰਾਣੀ ਦਾ ਭਰਾ ਰਾਜਾ ਮੁਖਰਜੀ ਵੀ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਇੰਨਾ ਹੀ ਨਹੀਂ, ਉਹ ਨਿਰਦੇਸ਼ਕ ਅਯਾਨ ਮੁਖਰਜੀ ਅਤੇ ਅਦਾਕਾਰਾ ਕਾਜੋਲ ਦੀ ਚਚੇਰੀ ਭੈਣ ਹੈ। ਰਾਣੀ ਮੁਖਰਜੀ ਐਕਟਿੰਗ ਦੀ ਦੁਨੀਆ ‘ਚ ਨਹੀਂ ਆਉਣਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਆਪਣੀ ਮਾਂ ਦੇ ਕਹਿਣ ‘ਤੇ ਐਕਟਿੰਗ ਸ਼ੁਰੂ ਕੀਤੀ ਸੀ।
ਕਰੀਅਰ ਦੀ ਸ਼ੁਰੂਆਤ ਬੰਗਾਲੀ ਫਿਲਮ ‘ਬਿਆਰ ਫੂਲ’ ਨਾਲ ਕੀਤੀ ਸੀ।
ਰਾਣੀ ਮੁਖਰਜੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1996 ‘ਚ ਆਪਣੀ ਮਾਂ ਦੇ ਕਹਿਣ ‘ਤੇ ਬੰਗਾਲੀ ਫਿਲਮ ‘ਬਿਆਰ ਫੂਲ’ ਨਾਲ ਕੀਤੀ ਸੀ। ਇਹ ਫਿਲਮ ਉਨ੍ਹਾਂ ਦੇ ਪਿਤਾ ਨੇ ਹੀ ਬਣਾਈ ਸੀ। ਬਾਅਦ ਵਿੱਚ ਉਸੇ ਫਿਲਮ ਨੂੰ ਹਿੰਦੀ ਵਿੱਚ ‘ਰਾਜਾ ਕੀ ਆਏਗੀ ਬਾਰਾਤ’ (1997) ਦੇ ਰੂਪ ਵਿੱਚ ਰੀਮੇਕ ਕੀਤਾ ਗਿਆ ਸੀ, ਜਿਸ ਵਿੱਚ ਰਾਣੀ ਨੇ ਮੁੱਖ ਭੂਮਿਕਾ ਨਿਭਾਈ ਸੀ, ਪਰ ਉਸਨੂੰ ਬਾਲੀਵੁੱਡ ਵਿੱਚ ਅਸਲੀ ਪਛਾਣ ਫਿਲਮ ਗੁਲਾਮ ਤੋਂ ਮਿਲੀ। ਇਸ ਫਿਲਮ ‘ਚ ਆਮਿਰ ਖਾਨ ਨਾਲ ਰਾਣੀ ਮੁਖਰਜੀ ਨਜ਼ਰ ਆਈ ਸੀ।
ਪਹਿਲੀ ਫਿਲਮ ਦੀ ਪੇਸ਼ਕਸ਼ 16 ਸਾਲ ਦੀ ਉਮਰ ਵਿੱਚ ਹੋਈ ਸੀ
ਰਾਣੀ ਨੂੰ ਸਲਮਾਨ ਦੇ ਪਿਤਾ ਅਤੇ ਲੇਖਕ ਸਲੀਮ ਖਾਨ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ ਦੀ ਪੇਸ਼ਕਸ਼ ਕੀਤੀ ਸੀ ਜਦੋਂ ਉਹ 10ਵੀਂ ਕਲਾਸ ਵਿੱਚ ਸੀ। ਹਾਲਾਂਕਿ, ਉਸ ਦੇ ਪਿਤਾ ਰਾਮ ਮੁਖਰਜੀ ਨੇ ਇਹ ਕਹਿ ਕੇ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿ ਰਾਣੀ ਬਹੁਤ ਛੋਟੀ ਹੈ। ਇਸ ਫਿਲਮ ਦਾ ਨਾਂ ‘ਆ ਗਲੇ ਲਗ ਜਾ’ ਸੀ, ਜੋ 1994 ‘ਚ ਰਿਲੀਜ਼ ਹੋਈ ਸੀ।
ਮੇਕਰ ਅਤੇ ਐਕਟਰ ਨੂੰ ਆਵਾਜ਼ ਪਸੰਦ ਨਹੀਂ ਆਈ
ਭਾਵੇਂ ਅੱਜ ਲੋਕ ਉਸ ਦੀ ਆਵਾਜ਼ ਨੂੰ ਬਹੁਤ ਪਸੰਦ ਕਰਦੇ ਹਨ, ਪਰ ਇੱਕ ਸਮਾਂ ਸੀ ਜਦੋਂ ਫਿਲਮ ਨਿਰਮਾਤਾ ਰਾਣੀ ਦੀ ਆਵਾਜ਼ ਕਾਰਨ ਉਸ ਨੂੰ ਨਕਾਰ ਦਿੰਦੇ ਸਨ। ਰਾਣੀ ਮੁਖਰਜੀ ਨੇ ਖੁਦ ਇਕ ਇੰਟਰਵਿਊ ‘ਚ ਕਿਹਾ ਸੀ ਕਿ ‘ਗੁਲਾਮ’ ‘ਚ ਆਮਿਰ ਖਾਨ, ਨਿਰਦੇਸ਼ਕ ਵਿਕਰਮ ਭੱਟ ਅਤੇ ਨਿਰਮਾਤਾ ਮੁਕੇਸ਼ ਭੱਟ ਨੇ ਮਹਿਸੂਸ ਕੀਤਾ ਕਿ ਉਸ ਦੀ ਅਸਲੀ ਆਵਾਜ਼ ਇਸ ਕਿਰਦਾਰ ਦੇ ਅਨੁਕੂਲ ਨਹੀਂ ਸੀ, ਇਸ ਲਈ ਇਸ ਕਿਰਦਾਰ ਲਈ ਆਵਾਜ਼ ਨੂੰ ਡਬ ਕੀਤਾ ਗਿਆ ਸੀ।
ਕੁਛ ਕੁਛ ਹੋਤਾ ਨੇ ਉਸ ਦੇ ਕਰੀਅਰ ਨੂੰ ਹੁਲਾਰਾ ਦਿੱਤਾ
ਜਦੋਂ ਟਵਿੰਕਲ ਖੰਨਾ ਨੇ ਸਾਲ 1998 ‘ਚ ਰਿਲੀਜ਼ ਹੋਈ ਫਿਲਮ ‘ਕੁਛ ਕੁਛ ਹੋਤਾ ਹੈ’ ‘ਚ ਟੀਨਾ ਮਲਹੋਤਰਾ ਦਾ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਇਹੀ ਰੋਲ ਰਾਣੀ ਮੁਖਰਜੀ ਦੇ ਹਿੱਸੇ ਆਇਆ ਅਤੇ ਇੱਥੋਂ ਹੀ ਉਨ੍ਹਾਂ ਦੇ ਕਰੀਅਰ ਨੇ ਸ਼ੁਰੂਆਤ ਕੀਤੀ। ਰਾਣੀ ਨੂੰ ਫਿਲਮ ‘ਯੁਵਾ’, ‘ਬਲੈਕ’ ਅਤੇ ‘ਨੋ ਵਨ ਕਿਲਡ ਜੈਸਿਕਾ’ ਲਈ ਫਿਲਮਫੇਅਰ ਐਵਾਰਡ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਰਾਣੀ ਨੂੰ ਫਿਲਮ ‘ਸਾਥੀਆ’ ਲਈ ਉਸ ਸਾਲ ਦੀ ਸਰਵੋਤਮ ਅਭਿਨੇਤਰੀ (ਆਲੋਚਕ) ਦਾ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ 21 ਅਪ੍ਰੈਲ 2014 ਨੂੰ ਰਾਣੀ ਮੁਖਰਜੀ ਨੇ ਨਿਰਮਾਤਾ-ਨਿਰਦੇਸ਼ਕ ਆਦਿਤਿਆ ਚੋਪੜਾ ਨਾਲ ਵਿਆਹ ਕੀਤਾ ਸੀ ਅਤੇ ਉਹ ਇੱਕ ਬੇਟੀ ਦੀ ਮਾਂ ਵੀ ਹੈ।