Site icon TV Punjab | Punjabi News Channel

ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ, ਪਹਿਲਾ ਗੇੜ ਰਿਹਾ ‘ਠੰਡਾ’

ਸੰਗਰੂਰ- ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਣੀ ਚੋਣ ਲਈ ਵੀਰਵਾਰ ਸਵੇਰ ਤੋਂ ਵੋਟਿੰਗ ਸ਼ੁਰੂ ਹੋ ਗਈ ।‘ਆਪ’ ਦੀ ਗੜ੍ਹ ਮੰਨੀ ਜਾਂਦੀ ਇਸ ਸੀਟ ‘ਤੇ ਫਿਲਹਾਲ ਵੋਟਾਂ ਦਾ ਕੰਮ ਠੰਡਾ ਹੀ ਰਿਹਾ । 9 ਵਜੇ ਤਕ ਇੱਥੇ ਸਿਰਫ 4 ਪ੍ਰਤੀਸ਼ਤ ਵੋਟ ਹੀ ਪੋਲ ਹੋਏ । ਇਸ ਸੀਟ ‘ਤੇ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ ਅੰਮ੍ਰਿਤਸਰ ਵਿਚਾਲੇ ਸਖ਼ਤ ਟੱਕਰ ਹੈ।

ਪੰਜਾਬ ਵਿਚ ਇਤਿਹਾਸਕ ਜਿੱਤ ਦਰਜ ਕਰਕੇ ਸੰਗਰੂਰ ਉਪ ਚੋਣ ਜਿੱਤਣਾ ਆਮ ਆਦਮੀ ਪਾਰਟੀ ਲਈ ਇਕ ਚੁਣੌਤੀ ਹੈ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ ‘ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ। ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੇ 1766 ਪੋਲਿੰਗ ਸਟੇਸ਼ਨਾਂ ’ਤੇ 15,69,240 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨਾਂ ਕਿਹਾ ਕਿ ਇਨਾਂ ਤੋਂ ਇਲਾਵਾ 7540 ਸਰਵਿਸ ਵੋਟਰ ਹਨ।

ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਹਰ ਪੋਲਿੰਗ ਸਟੇਸ਼ਨ ’ਤੇ ਦੋ ਬੈਲਟ ਯੂਨਿਟ, ਇੱਕ ਕਾਊਂਟਿੰਗ ਯੂਨਿਟ ਤੇ ਇਕ ਵੀਵੀਪੈਟ ਮੌਜੂਦ ਰਹੇਗੀ। ਉਨਾਂ ਦੱਸਿਆ ਕਿ ਈ.ਵੀ.ਐਮ. ਮਸ਼ੀਨਾਂ ਦੀ ਢੋਆ ਢੁਆਈ ਸਿਰਫ ਜੀ.ਪੀ.ਐਸ. ਵਾਲੇ ਵਾਹਨਾਂ ਰਾਹੀਂ ਹੀ ਕੀਤੀ ਜਾਵੇਗੀ ਜਿਸ ਸਬੰਧੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਦਸਿਆ ਕਿ ਪੋਲਿੰਗ ਪਾਰਟੀਆਂ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ।

296 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਘੋਸ਼ਿਤ ਕੀਤਾ ਗਿਆ ਹੈ ਜਿਥੇ ਫ਼ਲੈਗ ਮਾਰਚ ਤੇ ਪੁਲਿਸ ਪੈਟਰੋਲਿੰਗ ਲਗਾਤਾਰ ਚੱਲ ਰਹੀ ਹੈ। ਸੰਗਰੂਰ ਜ਼ਿਲ੍ਹੇ ਦੇ 76 ਪੋਲਿੰਗ ਸਟੇਸ਼ਨ ’ਤੇ ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ। ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਾਰੇ ਚੋਣ ਪ੍ਰਬੰਧ ਨੂੰ ਨੇਪੜੇ ਚਾੜਿਆ ਜਾਵੇਗਾ।

Exit mobile version