ਡੈਸਕ- ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ‘ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਕਾਂਗਰਸ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਬਾਲੀਵੁੱਡ ਅਦਾਕਾਰ ਸੰਜੇ ਦੱਤ ਇਥੋਂ ਲੋਕ ਸਭਾ ਚੋਣ ਲੜ ਸਕਦੇ ਹਨ। ਖ਼ਬਰਾਂ ਹਨ ਕਿ ਕਾਂਗਰਸ ਹਾਈਕਮਾਨ ਨੇ ਸੰਜੇ ਦੱਤ ਦਾ ਨਾਂ ਪੈਨਲ ਵਿਚ ਸ਼ਾਮਲ ਕੀਤਾ ਹੈ।
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ‘ਚ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣੂਗੋਪਾਲ ਦੀ ਮੌਜੂਦਗੀ ‘ਚ ਕਰਨਾਲ ਸੀਟ ‘ਤੇ ਸੰਜੇ ਦੱਤ ਦੇ ਨਾਂ ‘ਤੇ ਚਰਚਾ ਹੋਈ, ਪਰ ਅੰਤਿਮ ਫੈਸਲਾ ਕਾਂਗਰਸ ਪਾਰਟੀ ਦੇ ਸੂਬਾ ਪੱਧਰੀ ਆਗੂਆਂ ਨਾਲ ਚਰਚਾ ਤੋਂ ਬਾਅਦ ਹੀ ਲਿਆ ਜਾਵੇਗਾ। ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ‘ਚ ਮੰਤਰੀ ਸਨ, ਜਦਕਿ ਭੈਣ ਪ੍ਰਿਆ ਦੱਤ ਸੰਸਦ ਮੈਂਬਰ ਰਹਿ ਚੁੱਕੀ ਹੈ।
ਕਾਂਗਰਸ ਪੈਨਲ ਵਿਚ ਕਰਨਾਲ ਤੋਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਦੇ ਪੁੱਤਰ ਚਾਣਕਿਆ ਸ਼ਰਮਾ, ਸਾਬਕਾ ਸਪੀਕਰ ਅਸ਼ੋਕ ਅਰੋੜਾ, ਕਾਂਗਰਸ ਦੇ ਕੌਮੀ ਸਕੱਤਰ ਵਰਿੰਦਰ ਸਿੰਘ ਰਾਠੌਰ ਦੇ ਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ ’ਤੇ ਕਾਂਗਰਸ ਦੀ ਉੱਚ ਲੀਡਰਸ਼ਿਪ ਅਜੇ ਸਹਿਮਤ ਨਹੀਂ ਹੈ।
ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੀਆਂ ਨਜ਼ਰਾਂ ‘ਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਕਰਨਾਲ ਲੋਕ ਸਭਾ ਸੀਟ ‘ਤੇ ਕਾਫੀ ਮਜ਼ਬੂਤ ਸਥਿਤੀ ‘ਚ ਹਨ। ਅਜਿਹੇ ‘ਚ ਉਨ੍ਹਾਂ ਦੇ ਸਾਹਮਣੇ ਕਿਸੇ ਮਸ਼ਹੂਰ ਉਮੀਦਵਾਰ ਨੂੰ ਮੈਦਾਨ ‘ਚ ਉਤਾਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਹਰਿਆਣਾ ਪਾਰਟੀ ਦੇ ਕੁੱਝ ਵੱਡੇ ਆਗੂ ਵੀ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਦੇ ਹੱਕ ਵਿਚ ਹਨ। ਉਹ ਸੁਨੀਲ ਦੱਤ ਦੇ ਪੁੱਤਰ ਸੰਜੇ ਦੱਤ ਨੂੰ ਕਰਨਾਲ ਸੀਟ ਤੋਂ ਉਮੀਦਵਾਰ ਬਣਾਉਣ ਦੇ ਵੀ ਪੱਖ ‘ਚ ਹਨ। ਸੰਜੇ ਦੱਤ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਜਾਣੂ ਹਨ।
ਦੱਸ ਦੇਈਏ ਕਿ ਸੁਨੀਲ ਦੱਤ ਦਾ ਜਨਮ 1929 ਵਿਚ ਜੇਹਲਮ ਪੱਛਮੀ ਪੰਜਾਬ (ਪਾਕਿਸਤਾਨ) ਵਿਚ ਹੋਇਆ ਸੀ ਅਤੇ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਯਮੁਨਾਨਗਰ ਦੇ ਮੰਡੌਲੀ ਪਿੰਡ ਵਿਚ ਆ ਕੇ ਵਸ ਗਿਆ ਸੀ। ਉਹ ਬ੍ਰਾਹਮਣ ਹਨ ਅਤੇ ਉਨ੍ਹਾਂ ਦੀ ਮਾਂ ਨਰਗਿਸ ਮੁਸਲਮਾਨ ਸੀ। ਬਾਅਦ ਵਿਚ ਉਨ੍ਹਾਂ ਨੇ ਹਿੰਦੂ ਧਰਮ ਅਪਣਾ ਲਿਆ।
ਨਰਗਿਸ ਦੀ ਕਬਰ ਯਮੁਨਾਨਗਰ ਦੇ ਮੰਡੌਲੀ ਪਿੰਡ ‘ਚ ਬਣੀ ਹੋਈ ਹੈ, ਜਿਥੇ ਸੰਜੇ ਦੱਤ ਅਤੇ ਉਨ੍ਹਾਂ ਦੀ ਭੈਣ ਪ੍ਰਿਆ ਦੱਤ ਦਾ ਪਰਿਵਾਰ ਸਮੇਂ-ਸਮੇਂ ‘ਤੇ ਆਉਂਦਾ ਰਹਿੰਦਾ ਹੈ। ਉਸ ਦੇ ਚਾਚੇ ਦਾ ਪਰਿਵਾਰ ਅਜੇ ਵੀ ਯਮੁਨਾਨਗਰ ਦੇ ਮੰਡੌਲੀ ਪਿੰਡ ਵਿਚ ਰਹਿੰਦਾ ਹੈ, ਜੋ ਕਿ ਉੱਤਰ ਪ੍ਰਦੇਸ਼ ਵਿਚ ਸਹਾਰਨਪੁਰ ਦੀ ਸਰਹੱਦ ਨਾਲ ਲੱਗਦਾ ਹੈ।