Texas- ਟੈਕਸਾਸ ’ਚ ਐਤਵਾਰ ਸਵੇਰੇ ਯੂਐਸ ਇੰਟਰਸਟੇਟ 40 ਹਾਈਵੇਅ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਇੱਕ 26 ਸਾਲਾ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਮਿ੍ਰਤਕ ਦੀ ਪਹਿਚਾਣ ਪਰਮਪ੍ਰੀਤ ਸਿੰਘ ਦਿਓਲ ਦੇ ਰੂਪ ’ਚ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਮਿ੍ਰਤਕ ਇੱਕ ਕੌਮਾਂਤਰੀ ਵਿਦਿਆਰਥੀ ਸੀ ਅਤੇ ਉਹ ਕੈਨੇਡਾ ਦੇ ਰੇਜੀਨਾ ਸ਼ਹਿਰ ’ਚ ਰਹਿੰਦਾ ਸੀ। ਉਹ ਮੂਲ ਰੂਪ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਧੀਮਾਨ ਵਾਲੀ ਦਾ ਰਹਿਣ ਵਾਲਾ ਸੀ।
ਅਮਰੀਕਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪਰਮਪ੍ਰੀਤ ਸਿੰਘ ਇੱਕ 18 ਪਹੀਆ ਟਰੱਕ ਚਲਾ ਰਿਹਾ ਸੀ ਅਤੇ ਉਸ ਨੇ ਸਮੇਂ ਸਿਰ ਟਰੈਫ਼ਿਕ ਦਾ ਬੈਕਅੱਪ ਨਹੀਂ ਦੇਖਿਆ ਅਤੇ ਉਸ ਦਾ ਟਰੱਕ ਇੱਕ ਹੋਰ ਸੈਮੀ ਟੋਇੰਗ ਟਰੇਲਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਇਆ। ਇਸ ਹਾਦਸੇ ਦੇ ਕਾਰਨ ਚਾਰ ਸੈਮੀ-ਟਰੱਕ ਆਪਸ ’ਚ ਟਕਰਾਅ ਗਏ। ਇਹ ਟੱਕਰ 12 ਨਵੰਬਰ ਨੂੰ ਸਵੇਰੇ 8:15 ਵਜੇ, ਵ੍ਹੀਹਲਰ ਕਾਉਂਟੀ, ਟੈਕਸਾਸ ’ਚ ਸ਼ੈਮਰੌਕ ਤੋਂ ਚਾਰ ਮੀਲ ਪੂਰਬ ਵੱਲ ਹੋਈ।
ਦਿਓਲ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੇ ਨਾਲ ਸਵਾਰ ਯਾਤਰੀ, 23 ਸਾਲਾ ਸੁਖਮਨਦੀਪ ਸਿੰਘ ਸਿੱਧੂ ਨੂੰ ਗੰਭੀਰ ਸੱਟਾਂ ਨਾਲ ਅਮਰੀਲੋ ਦੇ ਨਾਰਥਵੈਸਟ ਟੈਕਸਾਸ ਹਸਪਤਾਲ ਲਿਜਾਇਆ ਗਿਆ। ਦੋ ਹੋਰ ਸੈਮੀ ਟਰੱਕ ਡਰਾਈਵਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਅਮਰੀਕਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ
