ਹੁਸ਼ਿਆਰਪੁਰ- ਚੰਡੀਗੜ੍ਹ ਚ ਸਕੂਲੀ ਹਾਦਸੇ ਤੋਂ ਬਾਅਦ ਹੁਣ ਪੰਜਾਬ ਦੇ ਦਸੂਹਾ ਚ ਸਕੂਲੀ ਬੱਚਿਆਂ ਨਾਲ ਜਾਨਲੇਵਾ ਹਾਦਸਾ ਹੋ ਗਿਆ । ਹੁਸ਼ਿਆਰਪੁਰ ਦੀ ਸਬ-ਡਵੀਜ਼ਨ ਦਸੂਹਾ ‘ਚ ਸ਼ੁੱਕਰਵਾਰ ਸਵੇਰੇ ਇਕ ਸਕੂਲੀ ਬੱਸ ਨੂੰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਹਾਦਸੇ ‘ਚ ਇਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਹਰਮਨ ਪਿੰਡ ਲੋਧੀ ਚੱਕ ਟਾਂਡਾ ਦਾ ਰਹਿਣ ਵਾਲਾ ਸੀ। ਹਾਦਸੇ ਦੇ ਸਮੇਂ ਬੱਸ ਵਿਚ 40 ਵਿਦਿਆਰਥੀ ਸਵਾਰ ਸਨ ਤੇ 13 ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ। ਹਾਦਸਾ ਹੁੰਦੇ ਹੀ ਚੀਕ ਚਿਹਾੜਾ ਪੈ ਗਿਆ ਅਤੇ ਹਫੜਾ-ਦਫੜੀ ਮਚ ਗਈ। ਸੜਕ ‘ਤੇ ਮੌਜੂਦ ਲੋਕਾਂ ਨੇ ਦੌੜਭੱਜ ਕਰ ਕੇ ਕਿਸੇ ਤਰ੍ਹਾਂ ਡਰੇ-ਸਹਿਮੇ ਹੋਏ ਬੱਚਿਆਂ ਨੂੰ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਦੀ ਬੱਸ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਜਦੋਂ ਬੱਸ ਸਕੂਲ ਤੋਂ ਥੋੜ੍ਹੀ ਦੂਰ ਸਥਿਤ ਰਿਲਾਇੰਸ ਪੈਟਰੋਲ ਪੰਪ ਨੇੜੇ ਪੁੱਜੀ ਤਾਂ ਪਿੱਛਿਓਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਬੱਸ ਪਿੱਛੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ।