Winnipeg- ਵਿਨੀਪੈਗ ਪੁਲਿਸ ਦੇ 22 ਸਾਲ ਦੇ ਤਜਰਬੇਕਾਰ ਅਫਸਰ, ਕਾਂਸਟੇਬਲ ਐਲਸਟਨ ਬੋਸਟਕ ‘ਤੇ ਹੋਰ ਨਵੇਂ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਕਹਿੰਦੀ ਹੈ ਕਿ 16 ਮਹੀਨੇ ਚੱਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਸਨੇ ਗੈਰਕਾਨੂੰਨੀ ਨਸ਼ਿਆਂ ਦੀ ਤਸਕਰੀ ਕੀਤੀ, ਇਕ ਮਰੀ ਹੋਈ ਔਰਤ ਦੀ ਤਸਵੀਰ ਵੰਡੀ ਅਤੇ ਗੁਪਤ ਜਾਣਕਾਰੀ ਨੂੰ ਲੀਕ ਕੀਤਾ।
ਚੀਫ਼ ਜੀਨ ਬਾਵਰਜ਼ ਨੇ ਕਿਹਾ, “ਇਹ ਗੰਭੀਰ ਦੋਸ਼ ਹਨ ਜੋ ਸਿੱਧਾ ਸਾਡੀ ਸੇਵਾ ਦੀ ਇਜ਼ਤ ਨੂੰ ਠੇਸ ਪਹੁੰਚਾਉਂਦੇ ਹਨ। ਇਹ ਦਿਨ ਸਾਡੀ ਪੁਲਿਸ ਸੇਵਾ ਲਈ ਬਹੁਤ ਹੀ ਦੁੱਖਦਾਇਕ ਹੈ।”
ਬੋਸਟਕ ‘ਤੇ ਪਹਿਲਾਂ ਹੀ ਨਵੰਬਰ 2024 ਵਿੱਚ ਚੋਰੀ, ਵਿਸ਼ਵਾਸ ਘਾਤ, ਅਤੇ ਇਕ ਘਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਰਗੇ ਦੋਸ਼ ਲਗਾਏ ਜਾ ਚੁੱਕੇ ਸਨ। ਨਵੀਨਤਮ ਜਾਂਚ ਤੋਂ ਪਤਾ ਲੱਗਾ ਕਿ ਉਸ ਨੇ 2016 ਤੋਂ 2024 ਤੱਕ 84 ਵਾਰੀ ਕਈ ਨਸ਼ਿਆਂ ਦੀ ਤਸਕਰੀ ਕੀਤੀ।
ਉਸਦੇ ਈਸਟ ਡਿਸਟ੍ਰਿਕਟ ਸਟੇਸ਼ਨ ਵਾਲੇ ਲਾਕਰ ਤੋਂ ਕਈ ਨਸ਼ੇ ਵੀ ਬਰਾਮਦ ਕੀਤੇ ਗਏ।
ਪੁਲਿਸ ਦੱਸਦੀ ਹੈ ਕਿ ਮਈ 2021 ਵਿੱਚ ਇਕ ਮਹਿਲਾ ਦੀ ਮੌਤ ਦੀ ਜਾਂਚ ਦੌਰਾਨ, ਬੋਸਟਕ ਨੇ ਉਸਦੀ ਅਧਨੰਗੀ ਲਾਸ਼ ਦੀ ਤਸਵੀਰ ਲੈ ਕੇ ਕਿਸੇ ਹੋਰ ਅਫਸਰ ਨੂੰ ਭੇਜੀ। ਇਸ ਕਾਰਨ ‘ਮਰੇ ਹੋਏ ਦੇ ਸਰੀਰ ਦੀ ਬੇਅਦਬੀ’ ਦਾ ਦੋਸ਼ ਲਾਇਆ ਗਿਆ।
ਇਸ ਤੋਂ ਇਲਾਵਾ, ਉਸ ‘ਤੇ ਹੋਰਾਂ ਲੋਕਾਂ ਦੇ ਟ੍ਰੈਫਿਕ ਟਿਕਟ ਰੱਦ ਕਰਵਾਉਣ ਦੀ ਕੋਸ਼ਿਸ਼ ਕਰਨ, ਅਣਅਧਿਕ੍ਰਤ ਲੋਕਾਂ ਨੂੰ ਪੁਲਿਸ ਦੀ ਗੁਪਤ ਜਾਣਕਾਰੀ ਦੇਣ, ਅਤੇ ਪੁਲਿਸ ਅਸਲੇ ਦੀ ਚੋਰੀ ਕਰਕੇ ਦੋਸਤਾਂ ਨੂੰ ਦੇਣ ਦੇ ਦੋਸ਼ ਵੀ ਲਗਾਏ ਗਏ ਹਨ।
ਬੋਸਟਕ ਅਤੇ ਉਸਦੇ ਸਾਥੀ ਕਾਂਸਟੇਬਲ ਵਰਣਨ ਸਟਰੁਟਿਨਸਕੀ ਨੂੰ ਵੀ ਇਕ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਅਤੇ ਬੇਦਖਲ ਕਰਨ ਦੀ ਘਟਨਾ ਲਈ ਗ੍ਰਿਫ਼ਤਾਰ ਕੀਤਾ ਗਿਆ। ਦੋਹਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਇਹ ਜਾਂਚ ਉਨ੍ਹਾਂ ਦੀ ਪੇਸ਼ਾਵਰਤਾ ਅਤੇ ਜਵਾਬਦੇਹੀ ਵੱਲ ਕਦਮ ਹੈ। ਚੀਫ਼ ਬਾਵਰਜ਼ ਨੇ ਮਨੀਟੋਬਾ ਦੇ ਜਸਟਿਸ ਮੰਤਰੀ ਨੂੰ ਚਿੱਠੀ ਲਿਖ ਕੇ ਅਧਿਕਾਰਕ ਆਚਰਣ ਸੰਹਿਤਾ ਅਤੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈਆਂ ਨੂੰ ਜਨਤਾ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
ਵਿਨੀਪੈਗ ਦੇ ਮੇਅਰ ਅਤੇ ਪੁਲਿਸ ਬੋਰਡ ਦੇ ਚੇਅਰਮੈਨ ਨੇ ਵੀ ਇਸ ਕਦਮ ਦੀ ਹਮਾਇਤ ਕੀਤੀ ਹੈ।
ਵਿਨੀਪੈਗ ਦੇ ਸੀਨੀਅਰ ਪੁਲਿਸ ਅਫਸਰ ‘ਤੇ ਨਸ਼ਿਆਂ ਦੀ ਤਸਕਰੀ ਲੱਗੇ ਦੋਸ਼





