Site icon TV Punjab | Punjabi News Channel

ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋ ਰਹੇ ਹਨ ਸੇਵਾ ਕੇਂਦਰ

ਜਲੰਧਰ : ਪੰਜਾਬ ਸਰਕਾਰ ਵੱਲੋਂ ਲੋੜੀਂਦੀਆਂ ਸੇਵਾਵਾਂ ਇਕੋ ਛੱਤ ਥੱਲੇ ਮੁਹੱਈਆ ਕਰਵਾਉਣ ਲਈ ਖੋਲ੍ਹੇ ਗਏ ਸੇਵਾ ਕੇਂਦਰ ਬੇਹੱਦ ਲਾਹੇਵੰਦ ਸਾਬਤ ਹੋ ਰਹੇ ਹਨ, ਜਿਨ੍ਹਾਂ ਰਾਹੀਂ ਜ਼ਿਲ੍ਹਾ ਜਲੰਧਰ ਵਿਚ ਹੁਣ ਤੱਕ ਵੱਖ-ਵੱਖ ਸੇਵਾਵਾਂ ਲਈ ਪ੍ਰਾਪਤ ਹੋਈਆਂ 299202 ਅਰਜ਼ੀਆਂ ਵਿਚੋਂ 299191 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 33 ਸੇਵਾ ਕੇਂਦਰ ਹਨ, ਜਿਨ੍ਹਾਂ ਵਿਚੋਂ 18 ਜਲੰਧਰ ਸ਼ਹਿਰ ਵਿਚ ਚੱਲ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਆਧਾਰ ਕਾਰਡ ਨਾਲ ਸਬੰਧਤ, ਜਨਮ ਤੇ ਮੌਤ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 332 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਤੋਂ 5 ਵਜੇ ਤੱਕ ਲੋਕਾਂ ਲਈ ਖੁੱਲ੍ਹੇ ਰਹਿੰਦੇ ਹਨ, ਜੋ ਕਿ ਵੱਖ-ਵੱਖ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ ਅਤੇ ਕਾਰਗਰ ਬਣਾਉਣ ਲਈ ਬੇਹੱਦ ਸਹਾਈ ਸਾਬਤ ਹੋ ਰਹੇ ਹਨ।

ਇਨ੍ਹਾਂ ਰਾਹੀਂ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਬਿਨਾਂ ਕਿਸੇ ਖੱਜਲ-ਖੁਆਰੀ ਦੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਆਪਣਾ ਤਜ਼ਰਬਾ ਸਾਂਝਾ ਕਰਦਿਆਂ ਜਸਲੀਨ ਕੌਰ ਨੇ ਕਿਹਾ ਕਿ ਉਹ ਸੇਵਾ ਕੇਂਦਰ ਵਿਖੇ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਆਈ ਸੀ, ਜਿਥੇ ਸਟਾਫ਼ ਵੱਲੋਂ ਬੜੇ ਹਲੀਮੀ ਭਰੇ ਤਰੀਕੇ ਨਾਲ ਉਸ ਨੂੰ ਸਾਰੀ ਪ੍ਰਕਿਰਿਆ ਸਮਝਾਈ ਗਈ ਅਤੇ ਉਸ ਨੂੰ ਆਧਾਰ ਅਪਡੇਟ ਲਈ ਅਪਲਾਈ ਕਰਵਾਇਆ। ਉਸ ਨੇ ਸੇਵਾ ਕੇਂਦਰ ਦੇ ਸਟਾਫ਼ ਦੇ ਵਤੀਰੇ ਦੀ ਪ੍ਰਸ਼ੰਸਾ ਕਰਦਿਆਂ ਇਕ ਛੱਤ ਹੇਠ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਸੇ ਤਰ੍ਹਾਂ ਪ੍ਰੀਤੀ ਮਿੱਤਲ ਨੇ ਵੀ ਸੇਵਾ ਕੇਂਦਰ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸ ਨੂੰ ਸੇਵਾ ਕੇਂਦਰ ਵਿਖੇ ਸੇਵਾਵਾਂ ਪ੍ਰਾਪਤ ਕਰਨ ਵਿਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਤੋਂ ਇਲਾਵਾ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਆਏ ਇਕ ਹੋਰ ਅਰਜ਼ੀਦਾਤਾ ਆਸ਼ੂ ਨੇ ਸੇਵਾ ਕੇਂਦਰਾਂ ਵੱਲੋਂ ਸਮਾਂਬੱਧ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਟੀਵੀ ਪੰਜਾਬ ਬਿਊਰੋ

Exit mobile version