ਗੁਰੂ ਘਰਾਂ ‘ਚ ਵੀ.ਆਈ.ਪੀ ਨੂੰ ਨਹੀਂ ਮਿਲੇਗਾ ਸਿਰੋਪਾਓ , ਸ਼੍ਰੌਮਣੀ ਕਮੇਟੀ ਕੀਤਾ ਫੈਸਲਾ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਦੀ ਮੀਟਿੰਗ ਦੌਰਾਨ ਗੁਰੂ ਘਰਾਂ ’ਚ ਸਿਰੋਪਾਓ ਦੇਣ ਦੇ ਰੁਝਾਨ ਨੂੰ ਸੀਮਿਤ ਕਰਨ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਿਰੋਪਾਓ ਦੀ ਵਰਤੋਂ ਘੱਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰੂ ਘਰਾਂ ’ਚ ਆਉਣ ਵਾਲੇ ਵੀਆਈਪੀ, ਅਧਿਕਾਰੀਆਂ, ਆਗੂਆਂ ਆਦਿ ਨੂੰ ਗੁਰੂ ਦਰਬਾਰ ’ਚ ਸਿਰੋਪਾਓ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਸਾਰੇ ਲੋਕਾਂ ਨੂੰ ਹੁਣ ਗੁਰੂ ਦਰਬਾਰ ਦੀ ਜਗ੍ਹਾ ਪ੍ਰਬੰਧਕ ਦਫ਼ਤਰ ਜਾਂ ਐੱਸਜੀਪੀਸੀ ਦੇ ਪ੍ਰਧਾਨ ਦੇ ਦਫ਼ਤਰ ’ਚ ਸਿਰੋਪਾਓ ਦੇ ਕੇ ਮਾਣ ਸਨਮਾਨ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਬਹੁਤ ਜ਼ਿਆਦਾ ਗਿਣਤੀ ’ਚ ਸਿਰੋਪਾਓ ਦੇਣ ਦਾ ਰੁਝਾਨ ਵੀ ਘੱਟ ਕੀਤਾ ਜਾਵੇਗਾ। ਧਾਮੀ ਨੇ ਕਿਹਾ ਕਿ ਇਸ ਤਹਿਤ ਭਵਿੱਖ ’ਚ ਗੁਰਦੁਆਰਾ ਦੇ ਅੰਦਰ ਦਰਬਾਰ ’ਚ ਸਿਰੋਪਾਓ ਲਈ ਨਿਯਮ ਬਣਾਇਆ ਜਾਵੇਗਾ ਜਿਸ ’ਚ ਪੰਥਕ ਰਵਾਇਤਾਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਤ੍ਰਿਮ ਕਮੇਟੀ ਵੱਲੋਂ ਐੱਸਜੀਪੀਸੀ ਦੇ ਸਾਬਕਾ ਮੈਂਬਰ ਜਥੇਦਾਰ ਜੋਗਿੰਦਰ ਸਿੰਘ ਪੰਜਰਥ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।