ਡੈਸਕ- ਸ਼੍ਰੌਮਣੀ ਗੁਰਦੁਆਰਾ ਕਮੇਟੀ ਵਲੋਂ ਸ਼ੁਰੂ ਕੀਤੇ ਗਏ ਯੂ ਟਿਊਬ ਚੈਨਲ ਨੇ ਆਪਣੇ ਪਹਿਲੇ ਹੀ ਦਿਨ ਰਿਕਾਰਡ ਸਥਾਪਤ ਕਰ ਦਿੱਤੇ ਹਨ। ਸ੍ਰੀ ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਪੂਰੇ ਸੰਸਾਰ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਆਪਣਾ ਵੈੱਬ ਚੈਨਲ ‘ਐੱਸਜੀਪੀਸੀ ਸ੍ਰੀ ਅੰਮ੍ਰਿਤਸਰ’ ਸ਼ੁਰੂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਆਪਣਾ ਨਿੱਜੀ ਸੈਟੇਲਾਈਟ ਚੈਨਲ ਸਥਾਪਤ ਕੀਤੇ ਜਾਣ ਤੱਕ ਪੀਟੀਸੀ ਚੈਨਲ ਦੀ ਮਦਦ ਨਾਲ ਗੁਰਬਾਣੀ ਦੇ ਕੀਰਤਨ ਦਾ ਸਿੱਧਾ ਪ੍ਰਸਾਰਨ ਵੀ ਜਾਰੀ ਰੱਖਿਆ ਜਾਵੇਗਾ। ਗੁਰਬਾਣੀ ਦਾ ਪ੍ਰਸਾਰਣ ਤਿੰਨ ਸਮੇਂ ਕੀਤੇ ਜਾਵੇਗਾ। ਸਵੇਰੇ: 03.30 ਤੋਂ 08.30 ਵਜੇ, ਦੁਪਹਿਰ: 12.30 ਤੋਂ 02.30 ਵਜੇ ਅਤੇ ਸੰਧਿਆ ਵੇਲੇ: 06.30 ਤੋਂ 08.30 ਵਜੇ ਗੁਰਬਾਣੀ ਦਾ ਲਾਈਵ ਪ੍ਰਸਾਰਣ ਹੋਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਆਪਣੇ YouTube ਚੈਨਲ ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ‘ਤੇ ਅੱਜ ਸਵੇਰੇ ਪਹਿਲਾ ਲਾਈਵ ਪ੍ਰਸਾਰਣ ਕੀਤਾ ਗਿਆ। ਜਿਸ ਨੇ ਇੱਕ ਵੱਡਾ ਰਿਕਾਰਡ ਹਾਸਲ ਕਰ ਲਿਆ ਹੈ। ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ‘ਤੇ ਗੁਰਬਾਣੀ ਦੇ ਹੋਏ ਲਾਈਵ ਪ੍ਰਸਾਰਣ ਨੇ ਵਿਊਜ਼ ਨੂੰ ਲੈ ਕੇ ਰਿਕਾਰਡ ਤੋੜ ਦਿੱਤਾ ਹੈ। ਜਦੋਂ ਗੁਰਬਾਣੀ ਲਾਈਵ ਕੀਤੀ ਜਾ ਰਹੀ ਸੀ ਤਾਂ ਕਰੀਬ 12 ਤੋਂ 15 ਹਜ਼ਾਰ ਲੋਕ ਇਸ ਨੂੰ ਲਾਈਵ ਦੇਖ ਰਹੇ ਸਨ। ਪ੍ਰਸਾਰਣ ਦੇ ਆਖਰੀ ਸਮੇਂ ਇਹ ਵਿਊਜ਼ ਕਰੀਬ 40 ਹਜ਼ਾਰ ਤੱਕ ਹੋ ਗਏ ਸਨ। ਲਾਈਵ ਸਟ੍ਰੀਮ ਬੰਦ ਹੋਣ ਤੋਂ ਬਾਅਦ ਵੀ ਸਵੇਰ ਦੇ ਪ੍ਰਸਾਰਣ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।
ਫਿਲਹਾਲ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਸੰਗਤਾਂ ਤੱਕ ਯੂਟਿਊਬ ਚੈਨਲ ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ਰਾਹੀਂ ਹੀ ਪਹੁੰਚਾਇਆ ਕਰੇਗੀ। ਤਿੰਨ ਮਹੀਨ ਤੱਕ ਸ਼੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਵੀ ਬਣਾ ਲਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਟੀਵੀ ਲਈ ਹਾਲ ਦੀ ਘੜੀ ਪੀਟੀਸੀ ਨੂੰ ਹੀ ਅਧਿਕਾਰ ਦਿੱਤੇ ਹਨ।
ਚੈਨਲ ਦੀ ਸ਼ੁਰੂਆਤ ਗੁਰਮਤਿ ਰਵਾਇਤ ਅਨੁਸਾਰ ਅਖੰਡ ਪਾਠ ਦਾ ਭੋਗ ਪਾ ਕੇ ਕੀਤੀ ਗਈ। ਇਸ ਮਗਰੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ’ਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਸ਼ੋਮਣੀ ਕਮੇਟੀ ਦੇ ਪ੍ਰਧਾਨ ਨੇ ਵੈੱਬ ਚੈਨਲ ਦੀ ਆਰੰਭਤਾ ਮੌਕੇ ਸੰਗਤ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਲਦੀ ਹੀ ਸੈਟੇਲਾਈਟ ਚੈਨਲ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹੀ ਰਹਿਣਗੇ ਅਤੇ ਹੋਰ ਕੋਈ ਚੈਨਲ ਇਸ ਨੂੰ ਨਹੀਂ ਚਲਾ ਸਕੇਗਾ।