ਸ਼ਾਹਿਦ ਅਫਰੀਦੀ ਨੇ ਵਿਰਾਟ ਕੋਹਲੀ ਨੂੰ ਪਾਕਿਸਤਾਨ ਆ ਕੇ PSL ਖੇਡਣ ਦਾ ਦਿੱਤਾ ਸੱਦਾ

ਇਨ੍ਹੀਂ ਦਿਨੀਂ ਵਿਰਾਟ ਕੋਹਲੀ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਇਕ ਪ੍ਰਸ਼ੰਸਕ ਨਾਲ ਗੱਲ ਕਰਦੇ ਹੋਏ ਕਹਿ ਰਿਹਾ ਹੈ ਕਿ ਉਹ ਪਾਕਿਸਤਾਨ ਜਾਣਾ ਚਾਹੁੰਦਾ ਹੈ। ਪਾਕਿਸਤਾਨ ਦੇ ਪ੍ਰਸ਼ੰਸਕ ਕੋਹਲੀ ਦੇ ਇਸ ਪੁਰਾਣੇ ਵੀਡੀਓ ‘ਤੇ ਸਕਾਰਾਤਮਕ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਉਹ ਵਿਰਾਟ ਕੋਹਲੀ ਦਾ ਸਵਾਗਤ ਕਰਨ ਲਈ ਤਿਆਰ ਹਨ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਜਦੋਂ ਇਹ ਵੀਡੀਓ ਦੇਖਿਆ ਤਾਂ ਉਨ੍ਹਾਂ ਨੇ ਵੀ ਵਿਰਾਟ ਦੀ ਦਿਲੋਂ ਤਾਰੀਫ ਕੀਤੀ। ਉਸ ਨੇ ਕਿਹਾ ਕਿ ਉਸ ਨੂੰ ਵਿਰਾਟ ਤੋਂ ਵੀ ਇਹੀ ਉਮੀਦ ਸੀ।

ਅਫਰੀਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਰਾਟ ਤੋਂ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਸੀ। ਉਸ ਨੇ ਇਸ ਬਿਆਨ ਲਈ ਵਿਰਾਟ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਪਾਕਿਸਤਾਨ ਸੁਪਰ ਲੀਗ ਵਿੱਚ ਖੇਡਣ ਦਾ ਸੱਦਾ ਦਿੱਤਾ। ਨਾਲ ਹੀ ਕਿਹਾ ਕਿ ਜੇਕਰ ਉਹ ਇੱਥੇ ਭਾਰਤੀ ਟੀਮ ਨਾਲ ਖੇਡਣ ਆਉਂਦਾ ਹੈ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੋਵੇਗੀ।

ਪਾਕਿਸਤਾਨ ਦੇ ਇਸ ਸਾਬਕਾ ਕਪਤਾਨ ਨੇ ਕਿਹਾ, ‘ਵਿਰਾਟ ਕੋਹਲੀ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਕ੍ਰਿਕਟਰ ਅਸਲ ‘ਚ ਆਪਣੇ ਦੇਸ਼ ਦੇ ਬ੍ਰਾਂਡ ਅੰਬੈਸਡਰ ਹਨ। ਮੈਨੂੰ ਵਿਰਾਟ ਕੋਹਲੀ ਤੋਂ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਵਿਰਾਟ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਤੁਸੀਂ ਪਾਕਿਸਤਾਨ ਆ ਕੇ PSL ਖੇਡੋ ਜਾਂ ਇੱਥੇ ਆ ਕੇ ਭਾਰਤੀ ਟੀਮ ਨਾਲ ਖੇਡੋ। ਜੇਕਰ ਤੁਸੀਂ ਭਾਰਤੀ ਟੀਮ ਨਾਲ ਇੱਥੇ ਆਉਂਦੇ ਹੋ ਤਾਂ ਇਹ ਹੋਰ ਵੀ ਵਧੀਆ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਰਾਜਨੀਤਿਕ ਸਬੰਧਾਂ ਵਿੱਚ ਤਣਾਅ ਅਤੇ ਸਰਹੱਦ ਪਾਰ ਅੱਤਵਾਦ ਨੂੰ ਵਧਾਵਾ ਦੇਣ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੀ ਕ੍ਰਿਕਟ ਨਹੀਂ ਖੇਡੀ ਜਾ ਰਹੀ ਹੈ। ਦੋਵੇਂ ਦੇਸ਼ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਿਰਫ ਆਈਸੀਸੀ ਟੂਰਨਾਮੈਂਟਾਂ ਜਾਂ ਏਸ਼ੀਆ ਕ੍ਰਿਕਟ ਕੌਂਸਲ ਟੂਰਨਾਮੈਂਟਾਂ ਵਿੱਚ ਹੀ ਖੇਡ ਰਹੇ ਹਨ। ਪਾਕਿਸਤਾਨੀ ਟੀਮ ਨੇ ਆਖਰੀ ਵਾਰ 2012 ‘ਚ ਦੁਵੱਲੀ ਸੀਰੀਜ਼ ਲਈ ਭਾਰਤ ਦਾ ਦੌਰਾ ਕੀਤਾ ਸੀ।

ਹਾਲ ਹੀ ‘ਚ ਪਾਕਿਸਤਾਨ ਨੂੰ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਹੈ, ਜਿਸ ‘ਚ ਭਾਰਤ ਨੇ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਪਾਕਿਸਤਾਨ ਨੂੰ ਇਸ ਟੂਰਨਾਮੈਂਟ ਦੇ ਆਯੋਜਨ ਲਈ ਸ਼੍ਰੀਲੰਕਾ ਨੂੰ ਸਹਿ ਮੇਜ਼ਬਾਨ ਬਣਾਉਣਾ ਪਿਆ। ਪਾਕਿਸਤਾਨ ਨੇ ਆਪਣੇ ਲੀਗ ਮੈਚ ਘਰੇਲੂ ਮੈਦਾਨ ‘ਤੇ ਖੇਡੇ, ਜਦਕਿ ਭਾਰਤ ਨੇ ਆਪਣੇ ਲੀਗ ਮੈਚ ਸ਼੍ਰੀਲੰਕਾ ‘ਚ ਖੇਡੇ।