ਪਟਿਆਲਾ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ 26 ਜਨਵਰੀ ‘ਤੇ ਰਿਹਾਈ ਨਾ ਹੋਣ ‘ਤੇ ਸਿੱਧੂ ਖੇਮਾ ਨਾਰਾਜ਼ ਹੈ ।ਪੰਜਾਬ ਦੇ ਪ੍ਰਧਾਨ ਰਹੇ ੳਤੇ ਸਾਬਕਾ ਸਾਂਸਦ ਸ਼ਮਸ਼ੇਰ ਦੂਲੋ ਨੇ ਸਿੱਧੂ ਦੀ ਰਿਹਾਈ ਰੋਕਣ ‘ਤੇ ਵਿਰੋਧੀਆਂ ਖਿਲਾਫ ਭੜਾਸ ਕੱਢੀ ਹੈ । ਆਪਣੇ ਟਕਸਾਲੀ ਸਾਥੀ ਮਹਿੰਦਰ ਸਿੰਘ ਕੇ.ਪੀ ਸਮੇਤ ਹੋਰ ਕਾਂਗਰਸੀਆਂ ਨਾਲ ਪਟਿਆਲਾ ਚ ਪ੍ਰੈਸ ਕਾਨਫਰੰਸ ਕਰਦਿਆਂ ਦੂਲੋ ਨੇ ਕਿਹਾ ਕਿ ਵਿਰੋਧੀਆਂ ਦੇ ਸਿਰਾਂ ਤੋਂ ਸਿੱਧੂ ਫੋਬੀਆਂ ਉਤਰ ਨਹੀਂ ਰਿਹਾ ਹੈ । ਜਾਨਬੁੱਝ ਕੇ ਸਿੱਧੂ ਦੀ ਰਿਹਾਈ ਰੋਕੀ ਗਈ ਹੈ ।ਪੰਜਾਬ ਦੀ ਮਾਨ ਸਰਕਾਰ ਦੇ ਨਾਲ ਨਾਲ ਸਿੱਧੂ ਸਮਰਥਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਮੋਰਚਾ ਖੋਲਦਿਆਂ ਸ਼ਮਸ਼ੇਰ ਦੂਲੋ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਤੋਂ ਓਪਰੇਟ ਕੀਤਾ ਜਾ ਰਿਹਾ ਹੈ । ਆਮ ਆਦਮੀ ਪਾਰਟੀ ਭਾਜਪਾ ਦੀ ‘ਬੀ’ ਟੀਮ ਵਾਂਗ ਕਾਂਗਰਸ ਖਿਲਾਫ ਕੰਮ ਕਰਦੀ ਰਹੀ ਹੈ । ਦੂਲੋ ਨੇ ਕਿਹਾ ਕਿ 30 ਜਨਵਬਰੀ ਨੂੰ ਸ਼੍ਰੀਨਗਰ ਚ ਰਾਹੁਲ ਗਾਂਧੀ ਦੇ ਹੋਣ ਵਾਲੇ ਸਮਾਗਮ ਤੋਂ ਸਿੱਧੂ ਨੂੰ ਦੂਰ ਰਖਣ ਲਈ ਭਾਰਤੀ ਜਨਤਾ ਪਾਰਟੀ ਵਲੋਂ ਇਹ ਮਾੜੀ ਸਿਆਸਤ ਕੀਤੀ ਗਈ ਹੈ ।
ਵਿਰੋਧੀਆਂ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਪਾਰਟੀ ਦੇ ਅੰਦਰ ਸਿੱਧੂ ਵਿਰੋਧੀਆਂ ਖਿਲਾਫ ਬੋਲਣ ਤੋਂ ਨਹੀਂ ਹਟੇ । ਮੌਜੂਦਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਹੋਰਨਾ ਨੇਤਾਵਾਂ ਨੂੰ ਉਨ੍ਹਾਂ ਨਸੀਹਤ ਦਿੰਦਿਆਂ ਕਿਹਾ ਕਿ ਇਹ ਸਮਾਂ ਸਿਆਸੀ ਦੁਸ਼ਮਨੀ ਨਹੀਂ ਬਲਕਿ ਸਹਿਯੋਗ ਦੇਨ ਦਾ ਹੈ ।ਅਹੁਦੇ ਦਿੱਲੀ ਤੋਂ ਮਿਲਦੇ ਰਹੇ ਹਨ ।ਇਸ’ਤੇ ਬਹੁਤਾ ਮਾਨ ਨਹੀਂ ਕਰਨਾ ਚਾਹੀਦਾ ਹੈ । ਉਨ੍ਹਾਂ ਰਾਜਾ ਵੜਿੰਘ ਦਾ ਨਾਂ ਲਏ ਬਗੈਰ ਕਿਹਾ ਕਿ ਕਈ ਨੇਤਾਵਾਂ ਨੂੰ ਵੱਡੇ ਅਹੁਦੇ ਤਾਂ ਮਿਲ ਗਏ ਪਰ ਉਨ੍ਹਾਂ ਕੋਲ ਤਜ਼ੁਰਬਾ ਨਹੀਂ ਹੈ ।
ਇਸ ਤੋਂ ਪਹਿਲਾਂ ਤੈਅਸ਼ੁਦਾ ਪ੍ਰੌਗਰਾਮ ਮੁਤਾਬਿਕ ਪੰਜਾਬ ਕਾਂਗਰਸ ਚ ਸਿੱਧੂ ਖੇਮੇ ਦੇ ਕਈ ਨੇਤਾਵਾਂ ਵਲੋਂ ਪਟਿਆਲਾ ਚ ਸਿੱਧੂ ਦੇ ਸਵਾਗਤ ਲਈ ਸਮਾਗਮ ਰੱਖੇ ਗਏ ਸਨ ।ਸਿੱਧੂ ਦੇ ਸਵਾਗਤ ਲਈ ਸ਼ਹਿਰ ਚ ਥਾਂ ਥਾਂ ਹੋਰਡਿੰਗ ਅਤੇ ਲੰਗਰ ਲਗਾਏ ਗਏ ਸਨ ।ਪੈ੍ਰਸ ਕਾਨਫਰੰਸ ਚ ਸਾਬਕਾ ਐੱਮ.ਪੀ ਅਤੇ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਮਹਿੰਦਰ ਕੇ.ਪੀ,ਸਾਬਕਾ ਵਿਧਾਇਕ ਅਸ਼ਵਨੀ ਸੇਖੜੀ,ਸਾਬਕਾ ਵਿਧਾਇਕ ਨਵਤੇਜ ਚੀਮਾ,ਸਾਬਕਾ ਅੰਮ੍ਰਿਤਸਰ ਮੇਅਰ ਸੁਨੀਲ ਦੱਤੀ ਸਮੇਤ ਕਈ ਹੋਰ ਨੇਤਾ ਮੌਜੂਦ ਸਨ ।