ਲੁਧਿਆਣਾ-ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਚ ‘ਆਪ’ ਦੀ ਸਰਕਾਰ ਬਣਨ ‘ਤੇ ਸੂਬਾ ਸਰਕਾਰ ਕੇਂਦਰ ਸਰਕਾਰ ਨਾਲ ਤਾਲਮੇਲ ਬਣਾ ਕੇ ਕੰਮ ਕਰੇਗੀ.ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ ‘ਤੇ ਬੋਲਦਿਆਂ ਹੋਇਆ ਕੇਜਰੀਵਾਲ ਨੇ ਬਾਰਡਰ ਤੋਂ ਨਸ਼ੇ ਦੇ ਨਾਲ ਹਥਿਆਰਾਂ ਦੀ ਸਪਲਾਈ,ਟਿਫਿਨ ਬੰਬ ਅਤੇ ਡ੍ਰੋਨ ‘ਤੇ ਚਿੰਤਾ ਪ੍ਰਕਟਾਈ ਹੈ.ਵੋਟਾਂ ਤੋਂ ਕੁੱਝ ਦਿਨ ਪਹਿਲਾਂ ਕੇਜਰੀਵਾਲ ਨੇ ਏਜੰਡੇ ਚ ਫੇਰਬਦਲ ਕਰਦਿਆਂ ਹੋਇਆਂ ਬਾਰਡਰ ‘ਤੇ ਹੋ ਰਹੀ ਗਤੀਵਧੀਆਂ ‘ਤੇ ਲਗਾ ਲਗਾਏ ਜਾਣ ਦੀ ਗੱਲ ਕੀਤੀ ਹੈ.
ਐੱਸ.ਵਾਈ.ਐੱਲ ਦੇ ਮੁੱਦੇ ‘ਤੇ ਕੇਜਰੀਵਾਲ ਦਾ ਜਦੋਂ ਪੱਖ ਪੁੱਛਿਆ ਗਿਆ ਤਾਂ ‘ਆਪ’ ਸੁਪਰੀਮੋ ਨੇ ਇਸ ਨੂੰ ਮਿਲ ਬੈਠ ਕੇ ਹੱਲ ਕਰਨ ਦੀ ਗੱਲ ਆਖੀ.ਉਨ੍ਹਾਂ ਸੁਖਬੀਰ ਦੇ ਇਸ ਬਿਆਨ ਦੀ ਵੀ ਨਿੰਦਾ ਕੀਤੀ ਕਿ ਉਨ੍ਹਾਂ ਵਲੋਂ ਪੰਜਾਬ ਦੇ ਪਾਣੀ ਨੂੰ ਦਿੱਲੀ ਲਿਜਾਉਣ ਲਈ ਪੀ.ਆਈ.ਐੱਲ ਦਾਇਰ ਕੀਤੀ ਗਈ ਹੈ.
ਅੰਮ੍ਰਿਤਸਰ ਪੂਰਬੀ ਹਲਕੇ ਦੇ ਸਰਵੇ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦੋਵੇਂ ਇਸ ਸੀਟ ਤੋਂ ਹਾਰ ਰਹੇ ਹਨ ਜਦਕਿ ‘ਆਪ’ ਦੀ ਉਮੀਦਵਾਰ ਜੀਵਨਜੋਤ ਕੌਰ ਜਿੱਤ ਹਾਸਿਲ ਕਰ ਰਹੀ ਹੈ.ਕੇਜਰੀਵਾਲ ਨੇ ਦਾਅਵਾ ਪੇਸ਼ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਚੋਣਾ ਚ 80 ਤੋਂ ਵੱਧ ਸੀਟਾਂ ਹਾਸਿਲ ਕਰਕੇ ਸਰਕਾਰ ਬਣਾਵੇਗੀ.