‘ਮੁੰਡਾ ਚਲਾ ਗਿਆ , ਹੁਣ ਬਾਕੀ ਜ਼ਿੰਦਗੀ ਚਲਾਉਣ ਦੀ ਕੋਸ਼ਿਸ਼ ਕਰਾਂਗੇ’- ਸਿੱਧੂ ਦਾ ਪਿਤਾ

ਮਾਨਸਾ- ‘ਮੇਰੇ ਮੁੰਡੇ ਨੇ ਕੋਈ ਅਪਰਾਧ ਨਹੀਂ ਕੀਤਾ ਸੀ , ਉਸਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਅੱਗੇ ਹੱਥ ਰੱਖ ਸਾਡੀ ਸਹੁੰ ਖਾ ਕੇ ਕਦੇ ਕਿਸੇ ਦਾ ਬੁਰਾ ਨਾ ਕਰਨ ਦੀ ਗੱਲ ਕੀਤੀ ਸੀ । ਸੋਸ਼ਲ ਮੀਡੀਆ ‘ਤੇ ਝੂਠੀਆਂ ਖਬਰਾਂ ਬਣਾ ਕੇ ਮੇਰੇ ਬੇਟੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਬਾਰੇ ਗਲਤ ਪ੍ਰਚਾਰ ਨਾ ਕੀਤਾ ਜਾਵੇ’ । ਇਹ ਭਾਵੁਕ ਅਪੀਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੰਤਿਮ ਅਰਦਾਸ ਦੀ ਸਮਾਪਤੀ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਕੀਤੀ ।

ਆਪਣੇ ਬੇਟੇ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਕਿਸੇ ਗੈਂਗਸਟਰ ਨਾਲ ਸਬੰਧ ਹੋਣ ਦੇ ਇਲਜ਼ਾਮਾਂ ਦੇ ਨਾਲ ਨਾਲ ਬਲਕੌਰ ਸਿੰਘ ਨੇ ਕਈ ਗੱਲਾਂ ਨੂੰ ਲੈ ਸੰਗਤ ਸਾਹਮਨੇ ਆਪਣੇ ਦਿੱਲ ਦੀ ਗੱਲ ਕੀਤੀ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੈ ਕੇ ਵੀ ਉਨ੍ਹਾਂ ਲੋਕਾਂ ਨੂੰ ਗਲਤ ਪ੍ਰਚਾਰ ਨਾ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਆਪਣੀ ਮਰਜ਼ੀ ਨਾਲ ਸਿਆਸਤ ਚ ਆਇਆ ਸੀ ।ਜਦਕਿ ਰਾਜਾ ਅਤੇ ਮੈਂ ਉਸਨੂੰ ਰੋਕਦੇ ਸੀ ।

ਬਲਕੌਰ ਸਿੰਘ ਨੇ ਭਾਵੁਕ ਹੋ ਕੇ ਬੋਲਦਿਆਂ ਕਿਹਾ ਕਿ ਬੇਟੇ ਦੇ ਜਾਨ ਤੋਂ ਬਾਅਦ ਉਹ ਕਿਸੇ ਨਾ ਕਿਸੇ ਤਰੀਕੇ ਆਪਣੀ ਜ਼ਿੰਦਗੀ ਰੋੜ ਲੈਣਗੇ ।ਉਨ੍ਹਾਂ ਕਿਸੇ ਵੀ ਸੋਸ਼ਲ ਮੀਡੀਆ ਪੇਜ਼ ‘ਤੇ ਕੋਈ ਵੀ ਝੂਠੀ ਜਾਣਕਾਰੀ ਤੋਂ ਪਰਹੇਜ ਕਰਨ ਦੀ ਗੱਲ ਕੀਤੀ ਹੈ । ਉਨ੍ਹਾਂ ਕਿਹਾ ਕਿ ਸਿੱਧੂ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ ।
ਸਿੱਧੂ ਦੀ ਮਾਂ ਚਰਨ ਕੌਰ ਨੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਨੂੰ ਉਸਦੇ ਨਾਂ ‘ਤੇ ਇਕ ਰੁੱਖ ਲਗਾਉਣ ਦੀ ਅਪੀਲ ਕੀਤੀ । ਮਾਂਪਿਆ ਨੇ ਕਿਹਾ ਕਿ ਸਿੱਧੂ ਮਰਿਆ ਨਹੀਂ ਹੈ ,ਉਹ ਸਾਰਿਆਂ ਦੇ ਦਿਲਾਂ ਚ ਜ਼ਿੰਦਾ ਹੈ ।