Site icon TV Punjab | Punjabi News Channel

ਗੁੱਸੇ ‘ਚ ਨਵਜੋਤ ਸਿੱਧੂ , ਸੀ.ਐੱਮ ਮਾਨ ਨੂੰ ਦਿੱਤਾ ਅਲਟੀਮੇਟਮ

ਪਟਿਆਲਾ- ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਆਉਣ ਦੇ ਨਾਲ ਸੂਬੇ ਚ ਕਰਾਇਮ ਵੱਧ ਗਿਆ ਹੈ ।ਪਿਛਲੇ ਇੱਕ ਮਹੀਨੇ ਦੌਰਾਨ ਹੀ ਕਰੀਬ 25 ਕਤਲ ਹੋ ਚੁੱਕੇ ਹਨ ।ਪੰਜਾਬ ਦੇ ਲੋਕ ਡਰ ਅਤੇ ਸਹਿਮ ਨਾਲ ਭਰੇ ਹੋਏ ਹਨ ਜਦਕਿ ਮੁੱਖ ਮੰਤਰੀ ਸਾਹਿਬ ਪਹਾੜੀ ਇਲਾਕਿਆਂ ਚ ਜਾ ਕੇ ਪਾਰਟੀ ਲਈ ਵੋਟਾਂ ਮੰਗ ਰਹੇ ਹਨ ।ਇਹ ਕਹਿਣਾ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਜੋਕਿ ਬੀਤੇ ਦਿਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਧਰਮਿੰਦਰ ਦੇ ਪਿੰਡ ਦੌਣ ਕਲਾਂ ਸਥਿਤ ਘਰ ਵਿਖੇ ਅਫਸੋਸ ਪ੍ਰਕਟ ਕਰਨ ਆਏ ਹੋਏ ਸਨ ।ਸਿੱਧੂ ਨੇ ਸੂਬਾ ਸਰਕਾਰ ਅਤੇ ਪੁਲਿਸ ਨੂੰ ਤਿੰਨ ਦਿਨ ਦਾ ਅਲਟੀਮੇਟ ਦੇ ਕਬੱਡੀ ਖਿਡਾਰੀ ਦੇ ਕਾਤਲਾਂ ਨੂੰ ਕਾਬੂ ਕਰਨ ਲਈ ਕਿਹਾ ਹੈ ।

ਸਿੱਧੂ ਮੁਤਾਬਿਕ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬਹੁਤ ਵਾਅਦੇ ਕੀਤੇ ਸਨ ।ਜਿਸ ਦੇ ਚਲਦਿਆਂ ਹੀ ਲੋਕਾਂ ਨੇ ਉਨ੍ਹਾਂ ਨੂੰ ਵੋਟ ਪਾ ਕੇ ਸਰਕਾਰ ਬਨਾਉਣ ਦਾ ਮੌਕਾ ਦਿੱਤਾ ਹੈ ।‘ਆਪ’ ਸਰਕਾਰ ਹੁਣ ਆਪਣੇ ਫਰਜ਼ ਤੋਂ ਨੱਠ ਰਹੀ ਹੈ ।ਉਨ੍ਹਾਂ ਹੈਰਾਨੀ ਜਤਾਈ ਕਿ ਪੰਜਾਬ ਚ ਰੋਜ਼ ਕਤਲ ਹੋ ਰਹੇ ਨੇ ਜਦਕਿ ਸੀ.ਐੱਮ ਭਗਵੰਤ ਮਾਨ ਬੇਪਰਵਾਹ ਹੋ ਕੇ ਦੂਜੇ ਸੂਬਿਆਂ ਦੀ ਸੈਰ ‘ਤੇ ਨਿਕਲੇ ਹੋਏ ਹਨ ।ਸਾਬਕਾ ਕਾਂਗਰਸ ਪ੍ਰਧਾਨ ਨੇ ਪੀੜਤ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਹੋਇਆਂ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ।ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਜ਼ਰੂਰ ਸਜ਼ਾ ਦਵਾਈ ਜਾਵੇਗੀ ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਨੇੜੇ ਕੁੱਝ ਨੌਜਵਾਨਾਂ ਨੇ ਕਬੱਡੀ ਕਲੱਬ ਪ੍ਰਧਾਨ ਧਰਮਿੰਦਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।ਕਾਤਲ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ।

Exit mobile version