ਬ੍ਰਹਮਪੁਰਾ ਨੇ ਕੀਤੀ ਘਰ ਵਾਪਸੀ,ਸਰਦਾਰ ਬਾਦਲ ਨੇ ਕੀਤਾ ਸਵਾਗਤ

ਚੰਡੀਗੜ੍ਹ- ਪਾਰਟੀ ਸਥਾਪਨਾ ਦੇ 100 ਵੇਂ ਵਰ੍ਹੇ ‘ਤੇ ਅਕਾਲੀ ਦਲ ਨੇ ਡੈਮੇਜ਼ ਕੰਟਰੋਲ ਨੀਤੀ ਤਹਿਤ ਆਪਣੇ ਇੱਕ ਹੋਰ ਵੱਡੇ ਨੇਤਾ ਦੀ ਘਰ ਵਾਪਸੀ ਕਰਵਾਈ ਹੈ.ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੰਯੁਕਤ ਅਕਾਲੀ ਦਲ ਨੂੰ ਛੱਡ ਕੇ ਆਪਣੇ ਪੁਰਾਣੇ ਸਾਥੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜਿਆ ਹੈ.ਵੱਡੀ ਗੱਲ ਇਹ ਹੈ ਕੀ ਪਾਰਟੀ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਚ ਬ੍ਰਹਮਪੁਰਾ ਹੋਰਾਂ ਨੇ ਘਰ ਵਾਪਸੀ ਕੀਤੀ ਹੈ.ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬ੍ਰਹਮਪੁਰਾ ਦੇ ਗੋਡੀ ਹੱਥ ਲਾ ਕੇ ਸੀਨੀਅਰ ਨੇਤਾ ਦਾ ਸਵਾਗਤ ਕੀਤਾ.ਬ੍ਰਹਮਪੁਰਾ ਆਪਣੇ ਨਾਲ ਆਪਣੇ ਬੇਟੇ ਰਵਿੰਦਰ ਬ੍ਰਹਮਪੁਰਾ,ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਹੋਰਾਂ ਲੀਡਰਾਂ ਨੂੰ ਲੈ ਕੇ ਅਕਾਲੀ ਦਲ ਚ ਸ਼ਾਮਿਲ ਹੋਏ ਹਨ.ਵੱਡੀ ਗੱਲ ਇਹ ਰਹੀ ਕੀ ਜੁਆਨਿੰਗ ਦੌਰਾਨ ਬ੍ਰਹਮਪੁਰਾ ਹੋਰਾਂ ਨੇ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ.

ਪੁਰਾਣੇ ਸਾਥੀ ਬ੍ਰਹਮਪੁਰਾ ਦੀ ਵਾਪਸੀ ‘ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਵੁਕ ਨਜ਼ਰ ਆਏ.ਉਨ੍ਹਾਂ ਕਿਹਾ ਕੀ ਜੱਥੇਦਾਰ ਬ੍ਰਹਮਪੁਰਾ ਦੇ ਸਹਿਯੋਗ ਕਾਰਣ ਹੀ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਸਕੇ ਹਨ.ਉਨ੍ਹਾਂ ਕਿਹਾ ਕੀ ਉਨ੍ਹਾਂ ਵਲੋਂ ਕੀਤੀ ਹੋਈ ਕਿਸੇ ਗਲਤੀ ਕਾਰਣ ਹੀ ਬ੍ਰਹਮਪੁਰਾ ਸਾਹਿਬ ਪਾਰਟੀ ਛੱਡ ਗਏ ਸਨ.

ਬ੍ਰਹਮਪੁਰਾ ਨੂੰ ਪੂਰਨ ਮਾਨ ਸਨਮਾਨ ਦੇਣ ਲਈ ਸਰਦਾਰ ਬਾਦਲ ਨੇ ਸੁਖਬੀਰ ਬਾਦਲ ਨੂੰ ਖਾਸ ਹਿਦਾਇਤ ਦਿੱਤੀ.ਉਨ੍ਹਾਂ ਕਿਹਾ ਕੀ ਸੁਖਬੀਰ ਲਈ ਬ੍ਰਹਮਪੁਰਾ ਦਾ ਹੁਕਮ ਇਲਾਹੀ ਹੋਣਾ ਚਾਹੀਦਾ ਹੈ.ਉਨ੍ਹਾਂ ਨੂੰ ਕਦੇ ਵੀ ਨਾ ਨਹੀਂ ਹੋਣੀ ਚਾਹੀਦੀ ਹੈ.

ਖਾਸ ਗੱਲ ਇਹ ਹੈ ਕੀ ਸੁਖਬੀਰ ਬਾਦਲ ‘ਤੇ ਇਲਜ਼ਾਮ ਲਗਾ ਕੇ ਪਾਰਟੀ ਛੱਡਣ ਵਾਲੇ ਬ੍ਰਹਮਪੁਰਾ ਨੇ ਘਰ ਵਾਪਸੀ ਕਰਦਿਆਂ ਹੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਹੋਣਹਾਰ ਨੇਤਾ ਦਾ ਤਮਗਾ ਦਿੱਤਾ.