Site icon TV Punjab | Punjabi News Channel

ਜਲੰਧਰ ਵਿਚ ਪਰਾਲੀ ਪ੍ਰਬੰਧਨ ‘ਚ ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹਾਂ ਦਾ ਅਹਿਮ ਯੋਗਦਾਨ

ਜਲੰਧਰ : ਜਲੰਧਰ ਦੀਆਂ ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹ ਪਿੰਡਾਂ ਵਿਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਅਤੇ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਵਿਚ ਵਿਆਪਕ ਯੋਗਦਾਨ ਪਾ ਰਹੇ ਹਨ।

ਜ਼ਿਲ੍ਹੇ ਵਿਚ 217 ਸਹਿਕਾਰੀ ਸਭਾਵਾਂ ਅਤੇ 964 ਸਮੂਹ ਹਨ, ਜਿਨ੍ਹਾਂ ਪਾਸ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਾਸੋਂ ਪ੍ਰਾਪਤ ਕਰੀਬ 2250 ਮਸ਼ੀਨਾਂ ਹਨ, ਜੋ ਕਿ ਕਿਸਾਨਾਂ ਨੂੰ ਕਿਰਾਏ ‘ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਜ਼ਿਲ੍ਹਾ ਜਲੰਧਰ ਵਿਖੇ 217 ਸਹਿਕਾਰੀ ਸਭਾਵਾਂ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਾਸੋਂ ਅਤਿ-ਆਧੁਨਿਕ ਮਸ਼ੀਨਾਂ ਪ੍ਰਾਪਤ ਕੀਤੀਆਂ ਗਈਆਂ ਹਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੁਸਾਇਟੀਆਂ ਨੂੰ ਉਪਕਰਣਾਂ ‘ਤੇ 80 ਫੀਸਦੀ ਸਬਸਿਡੀ ਮੁਹੱਈਆ ਕੀਤੀ ਜਾ ਰਹੀ ਹੈ।

ਮਦਾਰਾ, ਅਟੋਲਾ, ਮਹਿਸਾਮਪੁਰ, ਪੱਦੀ ਖ਼ਾਲਸਾ, ਨੌਗੱਜਾ, ਸਰਾਏ-ਖਾਸ, ਦੇਸਲਪੁਰ ਸਮੇਤ ਕਈ ਸਹਿਕਾਰੀ ਸਭਾਵਾਂ ਵੱਲੋਂ ਆਪਣੇ ਖੇਤਰਾਂ ਦੇ ਕਿਸਾਨਾਂ ਨੂੰ ਇਹ ਮਸ਼ੀਨਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਵੀ ਜਾਂਦਾ ਹੈ।

ਇਸੇ ਤਰ੍ਹਾਂ ਕਿਸਾਨ ਵੈੱਲਫੇਅਰ ਸੁਸਾਇਟੀ ਸ਼ਾਦੀਪੁਰ ਨੂਰਮਹਿਲ, ਅੰਮ੍ਰਿਤ ਕਿਸਾਨ ਸੇਵਾ ਸੁਸਾਇਟੀ ਆਦਿ ਕਿਸਾਨ ਸਮੂਹਾਂ ਵੱਲੋਂ ਵੀ ਮਲਚਰ, ਹੈਪੀ ਸੀਡਰ, ਜ਼ੀਰੋ ਡਰਿੱਲ, ਰੋਟਾਵੇਟਰ, ਚੋਪਰ ਅਤੇ ਹੋਰ ਮਸ਼ੀਨਰੀ ਕਿਸਾਨਾਂ ਨੂੰ ਕਿਰਾਏ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਸਮੁੱਚੀਆਂ ਮਸ਼ੀਨਾਂ ਪੂਰੀ ਸਮਰੱਥਾ ਨਾਲ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਸਮੂਹ ਸੁਸਾਇਟੀਆਂ ਦੇ ਸਕੱਤਰ, ਸਰਪੰਚ ਵੱਖ-ਵੱਖ ਮਸ਼ੀਨਾਂ ਦੀ ਵਰਤੋਂ ਪਹਿਲ ਦੇ ਅਧਾਰ ‘ਤੇ ਕਰਨੀ ਯਕੀਨੀ ਬਣਾਉਣ ਤਾਂ ਜੋ ਕੋਈ ਮਸ਼ੀਨ ਅਣਵਰਤੀ ਨਾ ਰਹੇ।

ਉਨ੍ਹਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਛੋਟੇ ਅਤੇ ਸੀਮਾਂਤ ਕਿਸਾਨਾਂ ਤੋਂ ਮਸ਼ੀਨਾਂ ਦਾ ਕਿਰਾਇਆ ਨਾ ਲੈਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਅੱਗੇ ਦੱਸਿਆ ਕਿ ਆਈ-ਖੇਤ ਐਪ ਰਾਹੀਂ ਕਿਸਾਨ 5 ਕਿਲੋਮੀਟਰ ਦੇ ਦਾਇਰੇ ਵਿਚ ਮਸ਼ੀਨਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਵੀ ਕੀਤੀ।

ਟੀਵੀ ਪੰਜਾਬ ਬਿਊਰੋ

Exit mobile version