ਡੈਸਕ- ਫਿਊਚਰਡਾਕਟਰ ਦੇ ਸਹਿ ਸੰਸਥਾਪਕ ਅਤੇ ਸੀ.ਈ.ਓ. ਅਮਨਦੀਪ ਗਰੇਵਾਲ ਨੂੰ ਨਾ ਸਿਰਫ਼ ਇਕ ਡਾਕਟਰ ਵਜੋਂ ਜਾਣਿਆ ਜਾਂਦਾ ਹੈ, ਸਗੋਂ ਕਈ ਸਟਾਰਟ ਐਪਸ ਨਾਲ ਇਕ ਸਫਲ ਉੱਦਮੀ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਨੇ 25 ਸਾਲ ਦੀ ਉਮਰ ਵਿਚ ਅਪਣੀ ਡਾਕਟਰ ਦੀ ਪੜਾਈ ਪੂਰੀ ਕੀਤੀ ਅਤੇ ਅੱਜ ਉਹ ਬਾਹਰੀ ਕੰਮ ਕਾਜ ਤੋਂ ਬਿਨ੍ਹਾਂ 1 ਮਿਲੀਅਨ ਯੂਰੋ ਤੋਂ ਵੱਧ ਦੇ ਸਲਾਨਾ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਸੰਭਾਲ ਰਿਹਾ ਹੈ।
ਉਸ ਨੂੰ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਕਰਕੇ ਜਰਮਨੀ ਦੇ ਰਾਸ਼ਟਰਪਤੀ ਵਾਲਟਰ ਸ਼ਟਾਇਨਮਾਇਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਸ ਦਾ ਨਾਂਅ ਆਸਟਰੀਆ ਦੀ ਫੋਰਬਸ ਮੈਗਜ਼ੀਨ ‘ਅੰਡਰ 30’ ਸੂਚੀ ‘ਚ ਦਰਜ ਹੋਇਆ ਹੈ। ਅਮਨਦੀਪ ਸਿੰਘ ਦੇ ਮਾਤਾ-ਪਿਤਾ ਪੰਜਾਬ ਤੋਂ ਹਨ ਤੇ ਉਸ ਦੀ ਮਾਤਾ ਅਮਰਜੋਤ ਕੌਰ ਵੀ ਜਰਮਨੀ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਉਪਰੰਤ ਸੀਨੀਅਰ ਡਾਰਟਰ ਦੀ ਸੇਵਾਵਾਂ ਤੋਂ ਰਿਟਾਇਰ ਹੋਣ ਉਪਰੰਤ ਆਪਣਾ ਕਲੀਨਿਕ ਚਲਾ ਰਹੀ ਹੈ। ਪਿਤਾ ਪਰਮਜੀਤ ਸਿੰਘ ਗਰੇਵਾਲ ਸਰਕਾਰੀ ਦੁਭਾਸ਼ੀਏ ਵਜੋਂ ਸੇਵਾ ਨਿਭਾ ਰਹੇ ਹਨ।
ਅਮਨਦੀਪ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਕਾਰੋਬਾਰੀ ਨਹੀਂ ਬਣਨਾ ਚਾਹੁੰਦਾ ਸੀ, ਇਹ ਸਭ ਸ਼ੌਕ ਵਜੋਂ ਹੋਇਆ। ਗਰੇਵਾਲ ਨੇ ਫਿਊਚਰਡਾਕਟਰ ਕੰਪਨੀ ਦੇ ਗਠਨ ਅਤੇ ਕਾਰੋਬਾਰ ਵਿਚ ਆਪਣੀ ਸ਼ੁਰੂਆਤ ਬਾਰੇ ਕਿਹਾ ਕਿ ਅੱਜ ਫਿਊਚਰਡਾਕਟਰ ਕੰਪਨੀ ਜਰਮਨੀ ਅਤੇ ਆਸਟਰੀਆ ਦੇ ਸੰਭਾਵੀ ਮੈਡੀਕਲ ਵਿਦਿਆਰਥੀਆਂ ਜਿਨ੍ਹਾਂ ਨੂੰ ਯੂਨੀਵਰਸਿਟੀਆਂ ‘ਚ ਥਾਂ ਨਹੀਂ ਮਿਲਦੀ, ਨੂੰ ਵਿਦੇਸ਼ਾਂ ‘ਚ ਪੜ੍ਹਨ ਲਈ ਵੱਖ-ਵੱਖ ਯੂਨੀਵਰਸਿਟੀਆਂ ਦੀ ਪੇਸ਼ਕਸ਼ ਕਰਦੀ ਹੈ।