ਡੈਸਕ- ਲੁਧਿਆਣਾ ਵਿੱਚ ਕਾਂਗਰਸ ਨੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਹਰਾਉਣ ਲਈ ਯੁਕਤਾਂ ਲੜਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਥੋੜ੍ਹੇ ਦਿਨ ਪਹਿਲਾਂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਏ ਬਿੱਟੂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਹੈ ਕਿਉਂਕਿ ਉਹ ਇੱਕ ਸਿੱਖ ਚਿਹਰਾ ਸੀ। ਹੁਣ ਬਿੱਟੂ ਦੇ ਮੁਕਾਬਲੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਕਾਂਗਰਸ ਹਾਈਕਮਾਂਡ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਕਾਂਗਰਸ ਪਾਰਟੀ ਨੇ ਬੈਂਸ ਨੂੰ ਟਿਕਟ ਦੇਣ ਬਾਰੇ ਸ਼ਹਿਰ ਦੇ 9 ਸਥਾਨਕ ਇੰਚਾਰਜਾਂ ਤੋਂ ਵੀ ਰਾਏ ਲਈ ਹੈ।
ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਕਾਂਗਰਸ ਅੱਜ ਬੈਂਸ ਨੂੰ ਉਮੀਦਵਾਰ ਐਲਾਨ ਸਕਦੀ ਹੈ। ਸਿਆਸੀ ਹਲਕਿਆਂ ‘ਚ ਇਹ ਵੀ ਚਰਚਾ ਹੈ ਕਿ ਪੰਜਾਬ ‘ਚ ਸੂਬਾ ਪੱਧਰ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀ ਗੱਲ ਦੋਵੇਂ ਪਾਰਟੀਆਂ ਦੇ ਸੁਪਰੀਮੋ ਕਰ ਰਹੇ ਹਨ। ਦੱਸ ਦੇਈਏ ਕਿ ਲੋਕ ਸਭਾ ਚੋਣਾਂ 2019 ਵਿੱਚ ਸਿਮਰਜੀਤ ਸਿੰਘ ਬੈਂਸ ਨੂੰ 3 ਲੱਖ 7 ਹਜ਼ਾਰ 423 ਵੋਟਾਂ ਮਿਲੀਆਂ ਸਨ, ਜਦੋਂ ਕਿ ਬਿੱਟੂ ਨੂੰ 3 ਲੱਖ 83 ਹਜ਼ਾਰ 795 ਵੋਟਾਂ ਮਿਲੀਆਂ ਸਨ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਹਾਲ ਹੀ ਵਿੱਚ ਪਾਰਟੀ ਨੇ ਟਿਕਟ ਦੇ ਵੱਡੇ ਦਾਅਵੇਦਾਰ ਰਹੇ ਆਗੂਆਂ ਨੂੰ ਸਰਕਾਰ ਬਣਨ ਤੇ ਵਿਧਾਨ ਸਭਾ ਵਿੱਚ ਵੱਡੇ ਅਹੁਦੇ ਦਾ ਭਰੋਸਾ ਦੇ ਕੇ ਸ਼ਾਂਤ ਕਰਵਾਇਆ ਜਾ ਰਿਹਾ ਹੈ।
ਇਸ ਵੇਲੇ ਲੁਧਿਆਣੇ ਵਿੱਚ ਕਾਂਗਰਸ ਵਿੱਚ ਬਿੱਟੂ ਦੇ ਮੁਕਾਬਲੇ ਸਿੱਖ ਚਿਹਰੇ ਵਾਲਾ ਕੋਈ ਵੀ ਆਗੂ ਨਹੀਂ ਹੈ ਜੋ ਸਟੇਜ ਤੇ ਗਰਜ ਸਕੇ। ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜੇਕਰ ਕਾਂਗਰਸ ਬੈਂਸ ਨੂੰ ਟਿਕਟ ਦਿੰਦੀ ਹੈ ਤਾਂ ਕਾਂਗਰਸ ਨੂੰ ਸਿੱਖ ਬੁਲਾਰਾ ਵੀ ਮਿਲੇਗਾ। ਹਾਲਾਂਕਿ ਇਸ ਸਬੰਧੀ ਉਹਨਾਂ ਦਾ ਕੋਈ ਆਫਿਸ਼ੀਅਲ ਬਿਆਨ ਸਾਹਮਣੇ ਨਹੀਂ ਆਇਆ ਹੈ। ਬੈਂਸ ਨੂੰ ਟਿਕਟ ਮਿਲਣ ਨਾਲ ਬਿੱਟੂ ਦੇ ਕੁਝ ਨਜ਼ਦੀਕੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ ਪਰ ਇਸ ਦੌਰਾਨ ਬਿੱਟੂ ਤੋਂ ਨਾਰਾਜ਼ ਹੋ ਕੇ ਭਾਜਪਾ ‘ਚ ਸ਼ਾਮਲ ਹੋਏ ਕਾਂਗਰਸੀ ਘਰ ਵਾਪਸੀ ਕਰ ਸਕਦੇ ਹਨ। ਇਸ ਕਾਰਨ ਬੈਂਸ ਨੂੰ ਟਿਕਟ ਮਿਲਣ ਤੋਂ ਬਾਅਦ ਵਰਕਰਾਂ ਵੱਲੋਂ ਪਾਰਟੀਆਂ ਬਦਲਣ ਨਾਲ ਬਹੁਤਾ ਫਰਕ ਨਹੀਂ ਪਵੇਗਾ।
ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਾਰਟੀ ਦੇ ਸਾਰੇ ਆਗੂ ਡਿੱਗਦੇ ਗ੍ਰਾਫ ਕਾਰਨ ਟਿਕਟ ਲੈਣ ਨੂੰ ਤਿਆਰ ਨਹੀਂ ਹਨ। ਸੂਤਰਾਂ ਅਨੁਸਾਰ ਕਾਂਗਰਸ ਤੋਂ ਪਹਿਲਾਂ ਬੈਂਸ ਨੇ ਅਕਾਲੀ ਦਲ ਨਾਲ ਵੀ ਗੁਪਤ ਮੀਟਿੰਗਾਂ ਕੀਤੀਆਂ ਸਨ।